ਭਾਰਤ ‘ਚ ਵੀ ਕੋਰੋਨਾ ਵਾਇਰਸ ਨੇ ਮਚਾਈ ਦਹਿਸ਼ਤ

821

 • ਆਗਰਾ ‘ਚ ਇਕੋ ਪਰਿਵਾਰ ਦੇ 6 ਜੀਆਂ ‘ਚ ਮਿਲੇ ਵਾਇਰਸ ਦੇ ਲੱਛਣ
 • ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ
 • ਇਟਲੀ, ਈਰਾਨ, ਦੱਖਣੀ ਕੋਰੀਆ ਤੇ ਜਾਪਾਨ ਦੇ ਨਾਗਰਿਕਾਂ ਦੇ ਵੀਜ਼ੇ ਰੱਦ
  ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਦੁਨੀਆਂ ਦੇ 70 ਦੇਸ਼ਾਂ ‘ਚ ਦਹਿਸ਼ਤ ਫੈਲਾ ਚੁੱਕੇ ਕੋਰੋਨਾ ਵਾਇਰਸ ਦੇ ਕੁਝ ਮਾਮਲੇ ਭਾਰਤ ‘ਚ ਸਾਹਮਣੇ ਆਉਣ ‘ਤੇ ਦੇਸ਼ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਭਾਰਤ ਵਿਚ ਹੁਣ ਤੱਕ 6 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ। ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ‘ਚ ਰਾਜਸਥਾਨ ‘ਚ ਇਟਲੀ ਤੋਂ ਪਰਤਿਆ ਇਕ ਜੋੜਾ ਵੀ ਸ਼ਾਮਿਲ ਹੈ, ਜਿਸ ਤੋਂ ਬਾਅਦ ਸਰਕਾਰ ਨੇ ਚਾਰ ਦੇਸ਼ਾਂ ਇਟਲੀ, ਈਰਾਨ, ਦੱਖਣੀ ਕੋਰੀਆ ਅਤੇ ਜਾਪਾਨ ਦੇ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦੇਸ਼ ‘ਚ ਸਾਹਮਣੇ ਆਏ ਕੁੱਲ 6 ਮਾਮਲਿਆਂ ‘ਚੋਂ ਤਿੰਨ ਮਰੀਜ਼ਾਂ ਦਾ ਇਲਾਜ ਹੋ ਚੁੱਕਾ ਹੈ। 21 ਇਟਾਲੀਅਨ ਸੈਲਾਨੀਆਂ ਅਤੇ ਤਿੰਨ ਭਾਰਤੀ ਨਾਗਰਿਕਾਂ ਨੂੰ ਦਿੱਲੀ ਸਥਿਤ ਆਈ.ਟੀ.ਬੀ.ਪੀ. ਦੇ ਕੈਂਪ ਵਿਚ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਆਗਰਾ ਵਿਚ ਵੀ 6 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਸੇ ਤਰ੍ਹਾਂ ਹੀ ਵੱਖ-ਵੱਖ ਸੂਬਿਆਂ ਵਿਚ ਵੀ ਅਹਿਤਿਆਤੀ ਕਦਮ ਚੁਕਦਿਆਂ ਸ਼ੱਕੀ ਲੋਕਾਂ ਨੂੰ ਮੈਡੀਕਲ ਨਿਗਰਾਨੀ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਵੀਜ਼ਾ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਅਤੇ 26 ਦਵਾਈਆਂ ਦੀ ਦਰਾਮਦਾਂ ‘ਤੇ ਵੀ ਰੋਕ ਲਾ ਦਿੱਤੀ ਹੈ।
  ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣਿਆ ਜਦੋਂ ਦਿੱਲੀ ਅਤੇ ਤੇਲੰਗਾਨਾ ਤੋਂ ਕੋਰੋਨਾ ਵਾਇਰਸ ਦਾ ਇਕ-ਇਕ ਮਾਮਲਾ ਸਾਹਮਣੇ ਆਇਆ। ਦਿੱਲੀ ‘ਚ ਵਾਇਰਸ ਪੀੜਤ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਚੱਲ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਿਕ ਕੋਰੋਨਾ ਪੀੜਤ ਸ਼ਖ਼ਸ, ਜੋ ਹਾਲ ‘ਚ ਇਟਲੀ ਅਤੇ ਬਰਤਾਨੀਆ ਦੇ ਟੂਰ ਤੋਂ ਵਾਪਸ ਆਇਆ ਸੀ, ਨੇ ਸ਼ੁੱਕਰਵਾਰ ਨੂੰ ਇਕ ਪਾਰਟੀ ਦਿੱਤੀ ਸੀ, ਜਿਸ ‘ਚ ਨੋਇਡਾ ਦੇ ਦੋ ਸਕੂਲਾਂ ਦੇ ਬੱਚੇ ਵੀ ਸ਼ਾਮਲ ਸਨ, ਜਿਸ ਕਾਰਨ ਨੋਇਡਾ ਦੇ ਦੋਵੇਂ ਸਕੂਲ ਅਹਿਤਿਆਤੀ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ। ਹਲਕਿਆਂ ਮੁਤਾਬਕ 25 ਫਰਵਰੀ ਨੂੰ ਇਟਲੀ ਤੋਂ ਪਰਤੇ ਇਸ ਸ਼ਖ਼ਸ ‘ਚ ਕੋਰੋਨਾ ਦਾ ਕੋਈ ਸੰਕੇਤ ਨਜ਼ਰ ਨਹੀਂ ਆਇਆ। ਇਸ ਲਈ ਉਸ ਨੂੰ ਵੱਖ ਨਹੀਂ ਰੱਖਿਆ ਗਿਆ। ਜਦ ਉਸ ਨੂੰ ਬੁਖਾਰ ਹੋਇਆ ਤਾਂ ਉਸ ਨੂੰ ਅਲੱਗ ਰੱਖਿਆ ਗਿਆ। ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਬੰਧਿਤ ਸ਼ਖ਼ਸ ਦੀ ਹਾਲਤ ਸਥਿਰ ਹੈ ਅਤੇ ਉਸ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਹਲਕਿਆਂ ਮੁਤਾਬਿਕ ਉਹ ਸ਼ਖ਼ਸ ਜਿਸ ਹਵਾਈ ਜਹਾਜ਼ ਰਾਹੀਂ ਵਾਪਸ ਆਇਆ ਸੀ, ਉਸ ਦੇ ਕ੍ਰੀਓ ਮੈਂਬਰਾਂ ਨੂੰ 14 ਦਿਨ ਤੱਕ ਘਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
  ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ 26 ਦਵਾਈਆਂ ਦੀ ਦਰਾਮਦ ‘ਤੇ ਰੋਕ ਲਾ ਦਿੱਤੀ ਹੈ। ਚੀਨ ਸਮੇਤ ਹੋਰਨਾਂ ਦੇਸ਼ਾਂ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਦਵਾਈਆਂ ਦੀ ਘਾਟ ਤੋਂ ਬਚਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ‘ਚ ਪੈਰਾਸੀਟਾਮੋਲ ਅਤੇ ਵਿਟਾਮਿਨ ਬੀ-1, ਬੀ-6, ਬੀ-12 ਜਿਹੀਆਂ ਕਈ ਦਵਾਈਆਂ ਸ਼ਾਮਿਲ ਹਨ।
  ਭਾਰਤ ਨੇ ਹਾਲੇ ਤੱਕ ਸਿਰਫ਼ ਦੋ ਦੇਸ਼ਾਂ ਦੇ ਹਵਾਈ ਸਫ਼ਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੈ। ਇਹ ਦੇਸ਼ ਚੀਨ ਅਤੇ ਈਰਾਨ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ 11 ਦੇਸ਼ਾਂ ਦੀ ਯਾਤਰਾ ‘ਤੇ ਆਉਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਸੇਧਾਂ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਸੁਕੀਲ ਕੁਮਾਰ ਨੇ ਐਡਵਾਈਜ਼ਰੀ ਜਾਰੀ ਕੀਤੀ, ਜਿਸ ਮੁਤਾਬਿਕ ਇਟਲੀ, ਈਰਾਨ, ਚੀਨ, ਜਾਪਾਨ, ਵੀਅਤਨਾਮ, ਦੱਖਣੀ ਕੋਰੀਆ, ਹਾਂਗਕਾਂਗ, ਨਿਪਾਲ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਥਾਈਲੈਂਡ ਤੋਂ ਆਉਣ ਵਾਲੇ ਸਾਰੇ ਮੁਸਾਫਿਰਾਂ ਦੀ ਸਕਰੀਨਿੰਗ ਕਰਨ ਨੂੰ ਕਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਮੁਤਾਬਿਕ ਦੇਸ਼ ਦੇ 21 ਹਵਾਈ ਅੱਡਿਆਂ ਅਤੇ 12 ਬੰਦਰਗਾਹਾਂ ‘ਤੇ ਮੁਸਾਫਿਰਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਹੁਣ ਤੱਕ 5.57 ਲੱਖ ਮੁਸਾਫਿਰਾਂ ਦੀ ਹਵਾਈ ਅੱਡਿਆਂ ‘ਤੇ ਅਤੇ 12,431 ਮੁਸਾਫਿਰਾਂ ਦੀ ਬੰਦਰਗਾਹ ‘ਤੇ ਸਕਰੀਨਿੰਗ ਕੀਤੀ ਗਈ ਹੈ। ਐਡਵਾਈਜ਼ਰੀ ਮੁਤਾਬਿਕ ਚੀਨ ਅਤੇ ਈਰਾਨ ਲਈ ਵੀਜ਼ਾ ਅਤੇ ਈ-ਵੀਜ਼ਾ ਫਿਲਹਾਲ ਰੱਦ ਰਹਿਣਗੇ। ਸਰਕਾਰ ਨੇ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਇਲਾਵਾ ਕੋਰੀਆ, ਸਿੰਗਾਪੁਰ ਅਤੇ ਇਟਲੀ ਦੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ। ਸਿਹਤ ਮਾਹਿਰਾਂ ਮੁਤਾਬਿਕ ਸਰਕਾਰ ਨੂੰ ਹਾਲਾਤ ਨਾਲ ਨਜਿੱਠਣ ਲਈ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ। ਜੇਕਰ ਸਰਕਾਰ ਸ਼ੁਰੂਆਤੀ ਤੌਰ ‘ਤੇ ਹੀ ਯਾਤਰਾ ‘ਤੇ ਪਾਬੰਦੀ ਨਹੀਂ ਲਾਉਂਦੀ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ, ਜਿਸ ਦਾ ਭੁਗਤਾਨ ਦੱਖਣੀ ਕੋਰੀਆ, ਜਾਪਾਨ ਅਤੇ ਇਰਾਕ ਜਿਹੇ ਦੇਸ਼ ਭੁਗਤ ਰਹੇ ਹਨ।
  ਈਰਾਨ ‘ਚ ਫਸੇ 800 ਭਾਰਤੀ ਵਿਦਿਆਰਥੀਆਂ ਨੇ ਅਪੀਲ ਕੀਤੀ ਕਿ ਇੱਥੇ ਕੋਈ ਵੀ ਚੀਜ਼ ਨਹੀਂ ਮਿਲ ਰਹੀ, ਘਰ ਬੁਲਾ ਲਵੋ। ਈਰਾਨ ਦੇ ਕਰੋਨਾ ਪ੍ਰਭਾਵਤ ਸ਼ਹਿਰਾਂ ਵਿਚ ਫਸੇ ਭਾਰਤੀਆਂ ਨੇ ਸਰਕਾਰ ਨੂੰ ਉਥੋਂ ਕੱਢਣ ਦੀ ਮੰਗ ਕੀਤੀ।