ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਅਸਰਦਾਰ ਨਹੀਂ ਕੋਰੋਨਾ ਵੈਕਸੀਨ: ਡਬਲਯੂ.ਐੱਚ.ਓ.

160
Share

ਜਿਨੇਵਾ, 22 ਜੂਨ (ਪੰਜਾਬ ਮੇਲ)- ਕੋਵਿਡ-19 ਦੇ ਡੈਲਟਾ ਵੈਰੀਐਂਟ ਨੇ ਦੁਨੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹ ਵਾਇਰਸ ਹੋਰ ਵੈਰੀਐਂਟਾਂ ਦੀ ਤੁਲਨਾ ’ਚ ਮਜ਼ਬੂਤ ਹੁੰਦਾ ਜਾ ਰਿਹਾ ਹੈ, ਕਿਉਂਕਿ ਇਹ ਜ਼ਿਆਦਾ ਤੇਜ਼ੀ ਨਾਲ ਸੰਚਾਰਿਤ ਹੁੰਦਾ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵੈਕਸੀਨ ਡੈਲਟਾ ਵੈਰੀਐਂਟ ਖ਼ਿਲਾਫ਼ ਅਸਰਦਾਰ ਸਾਬਿਤ ਨਹੀਂ ਹੋ ਰਹੀ ਹੈ।
ਡਬਲਯੂ.ਐੱਚ.ਓ. ਦੇ ਮਹਾਮਾਰੀ ਮਾਹਰ ਦਾ ਕਹਿਣਾ ਹੈ ਕਿ ਕਈ ਮਿਊਟੇਸ਼ਨ ਹੋਣ ਦੀ ਵਜ੍ਹਾ ਨਾਲ ਵੈਕਸੀਨ ਦਾ ਕੋਰੋਨਾ ਵਾਇਰਸ ਖ਼ਿਲਾਫ਼ ਅਸਰ ਘੱਟ ਹੋ ਸਕਦਾ ਹੈ। ਡੈਲਟਾ ਦਾ ਨਵਾਂ ਰੂਪ ਯਾਨੀ ਡੈਲਟਾ ਪਲੱਸ ਵੀ ਸਾਹਮਣੇ ਆ ਗਿਆ ਹੈ, ਜੋ ਡੈਲਟਾ ਵੈਰੀਐਂਟ ’ਚ ਹੋਏ ਮਿਊਟੇਸ਼ਨ ਦੀ ਵਜ੍ਹਾ ਨਾਲ ਬਣਿਆ ਹੈ। ਪਬਲਿਕ ਹੈਲਥ ਇੰਗਲੈਂਡ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਮਿਲ ਚੁੱਕੀਆਂ ਹਨ, ਉਨ੍ਹਾਂ ਦਾ ਇਸ ਤੋਂ ਬਚਾਅ 88 ਫ਼ੀਸਦੀ ਹੋ ਸਕਦਾ ਹੈ ਪਰ ਜਿਨ੍ਹਾਂ ਨੂੰ ਫਾਈਜ਼ਰ ਜਾਂ ਐਸਟ੍ਰਾਜੇਨੇਕਾ ਟੀਕੇ ਦੀ ਇਕ ਹੀ ਖ਼ੁਰਾਕ ਮਿਲੀ ਹੈ, ਉਨ੍ਹਾਂ ਦਾ ਸਿਰਫ਼ 33.5 ਫ਼ੀਸਦੀ ਤੱਕ ਹੀ ਬਚਾਅ ਹੋ ਸਕੇਗਾ।
ਹਾਲਾਂਕਿ ਰੂਸ ਦੇ ਡਇਰੈਕਟ ਇੰਵੈਟਸਮੈਂਟ (ਆਰ.ਡੀ.ਆਈ.ਐੱਫ.) ਦਾ ਦਾਅਵਾ ਹੈ ਕਿ ਸਪੂਤਨਿਕ ਵੀ ਕੋਰੋਨਾਵਾਇਰਸ ਦੇ ਡੈਲਟਾ ਵੈਰੀਐਂਟ ਖ਼ਿਲਾਫ਼ ਜ਼ਿਆਦਾ ਅਸਰਦਾਰ ਹੈ। ਆਰ.ਡੀ.ਆਈ.ਐੱਫ. ਮੁਤਾਬਕ ਕਿਸੇ ਵੀ ਦੂਜੀ ਵੈਕਸੀਨ ਦੇ ਮੁਕਾਬਲੇ ਇਸ ਜ਼ਿਆਦਾ ਘਾਤਕ ਵੈਰੀਐਂਟ ਖ਼ਿਲਾਫ਼ ਰੂਸ ਦੀ ਵੈਕਸੀਨ ਨੇ ਸਭ ਤੋਂ ਜ਼ਿਆਦਾ ਅਸਰ ਦਿਖਾਇਆ ਹੈ। ਇਹ ਦਾਅਵਾ ਹਾਲ ਹੀ ਵਿਚ ਹੋਏ ਇਕ ਅਧਿਐਨ ਦੇ ਆਧਾਰ ’ਤੇ ਕੀਤਾ ਗਿਆ ਹੈ।
ਕੋਵਿਡ-19 ਦਾ ਡੈਲਟਾ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਸਾਹਮਣੇ ਆਇਆ ਸੀ। ਇਹ ਹੁਣ ਕਰੀਬ 80 ਦੇਸ਼ਾਂ ਵਿਚ ਪਾਇਆ ਜਾ ਚੁੱਕਾ ਹੈ। ਡੈਲਟਾ ਵੈਰੀਐਂਟ ਵਿਸ਼ਵ ’ਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਮਜ਼ਬੂਤ ਵੈਰੀਐਂਟ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਬਹੁਤ ਤੇਜ਼ੀ ਨਾਲ ਇੰਫੈਕਸ਼ਨ ਨਾਲ ਪ੍ਰਸਾਰ ਹੁੰਦਾ ਹੈ।

Share