ਭਾਰਤ ‘ਚ ਤਿਆਰ ਕੋਵਿਡ-19 ਦਾ ਟੀਕਾ 15 ਅਗਸਤ ਤੱਕ ਮੁਹੱਈਆ ਕਰਵਾਉਣ ਦੀ ਤਿਆਰੀ

636
Share

ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਕੋਵਿਡ-19 ਦਾ ਦੇਸ਼ ‘ਚ ਤਿਆਰ ਟੀਕਾ ਡਾਕਟਰੀ ਵਰਤੋਂ ਲਈ 15 ਅਗਸਤ ਤੱਕ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚੋਣਵੀਆਂ ਮੈਡੀਕਲ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਭਾਰਤ ਬਾਇਓਟੈੱਕ ਦੇ ਸਹਿਯੋਗ ਨਾਲ ਵਿਕਸਤ ਕੀਤੇ ਸੰਭਾਵਿਤ ਟੀਕੇ ‘ਕੋਵੈਕਸਾਈਨ’ ਨੂੰ ਪਰਖਣ ਲਈ ਮਨਜੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ। ਇਸ ਸਮੇਂ ਕਲੀਨਿਕਲ ਅਜ਼ਮਾਇਸ਼ਾਂ ਲਈ 12 ਥਾਵਾਂ ਦੀ ਪਛਾਣ ਕੀਤੀ ਗਈ ਹੈ। ਭਾਰਤ ਦੇ ਸਵਦੇਸ਼ੀ ਸੰਭਾਵਿਤ ਕੋਵਿਡ-19 ਟੀਕੇ ‘ਕੋਵੈਕਸਿਨ’ ਨੂੰ ਹਾਲ ਹੀ ਵਿਚ ਡੀ.ਸੀ.ਜੀ.ਆਈ. ਵੱਲੋਂ ਮਨੁੱਖੀ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ‘ਕੋਵੈਕਸਾਈਨ’ ਨੂੰ ਭਾਰਤ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ 12 ਥਾਵਾਂ ‘ਤੇ ਪ੍ਰਮੁੱਖ ਜਾਂਚਕਰਤਾਵਾਂ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਕੋਵੈਕਸਿਨ ਦੇਸ਼ ‘ਚ ਵਿਕਸਤ ਹੋਇਆ ਪਹਿਲਾ ਟੀਕਾ ਹੈ ਅਤੇ ਇਹ ਇਕ ਉੱਚ ਤਰਜੀਹ ਪ੍ਰਾਜੈਕਟਹੈ, ਜਿਸ ‘ਤੇ ਸਰਕਾਰ ਦੀ ਪੂਰੀ ਨਿਗਰਾਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 15 ਅਗਸਤ ਤੱਕ ਡਾਕਟਰੀ ਵਰਤੋਂ ਲਈ ਸਾਰੇ ਕਲੀਨਿਕਲ ਟਰਾਇਲ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਉਪਲੱਬਧ ਕਰਵਾਉਣਾ ਹੈ।


Share