ਭਾਰਤ ‘ਚ ਕੋਰੋਨਾ ਵਾਇਰਸ ਦੀ ਦਸਤਕ; 28 ਕੇਸ ਸਾਹਮਣੇ ਆਏ

696
Share

ਜਲੰਧਰ , 5 ਮਾਰਚ (ਪੰਜਾਬ ਮੇਲ)- ਚੀਨ ‘ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ 28 ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। 12 ਭਾਰਤੀਆਂ ‘ਚੋਂ 3 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਬਾਕੀ ਦੇ 9 ਮਰੀਜ਼ਾਂ ਨੂੰ ਦਿੱਲੀ, ਤੇਲੰਗਾਨਾ ਅਤੇ ਜੈਪੁਰ ‘ਚ 1-1 ਮਰੀਜ਼ ਸ਼ਾਮਲ ਹੈ। ਉੱਥੇ ਹੀ ਆਗਰਾ ‘ਚ ਇਕ ਹੀ ਪਰਿਵਾਰ ਦੇ 6 ਮਰੀਜ਼ ਮਿਲੇ ਹਨ, ਜਿਨ੍ਹਾਂ ਦਾ ਦਿੱਲੀ ‘ਚ ਇਲਾਜ ਚੱਲ ਰਿਹਾ ਹੈ। ਦਿੱਲੀ ਏਅਰਪੋਰਟ ‘ਤੇ ਵਿਦੇਸ਼ਾਂ ਤੋਂ ਆਏ ਖਾਸ ਤੌਰ ‘ਤੇ ਇਟਲੀ ਅਤੇ ਚੀਨ ਤੋਂ ਆਏ ਲੋਕਾਂ ਦੀ ਖਾਸ ਸਕਰੀਨਿੰਗ ਕੀਤੀ ਜਾ ਰਹੀ ਹੈ। ਸਾਵਧਾਨੀ ਵਰਤਦੇ ਹੋਏ ਨੋਇਡਾ ਦੇ ਦੋ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੱਖਣੀ ਦਿੱਲੀ ਅਤੇ ਗੁੜਗਾਓਂ ਦੇ ਵੀ ਦੋ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ‘ਚ 3.5 ਲੱਖ ਮਾਸਕਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਕਰੀਬ 77 ਦੇਸ਼ ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਚੀਨ ‘ਚ ਕੋਰੋਨਾ ਵਾਇਰਸ ਨਾਲ 38 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦਾ ਅੰਕੜਾ 2981 ਹੋ ਗਿਆ ਹੈ। ਉੱਥੇ 119 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜ਼ਾਂ ਦੀ ਗਿਣਤੀ 80, 270 ਹੋ ਗਈ ਹੈ। ਉੱਧਰ ਈਰਾਨ ‘ਚ 77 ਮੌਤਾਂ ਹੋ ਚੁੱਕੀਆਂ ਹਨ ਅਤੇ 2336 ਲੋਕ ਇਸ ਦੀ ਲਪੇਟ ਵਿਚ ਹਨ। ਇਟਲੀ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 52 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 2039 ਲੋਕ ਇਸ ਦੀ ਲਪੇਟ ਵਿਚ ਹਨ। ਅਮਰੀਕਾ ‘ਚ ਵੀ ਹੁਣ ਤੱਕ ਕੋਰੋਨਾ ਵਾਇਰਸ ਨਾਲ 6 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 103 ਲੋਕਾਂ ‘ਚ ਇਸ ਦੇ ਲੱਛਣ ਮਿਲੇ ਹਨ।


Share