ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.31 ਲੱਖ ਤੋਂ ਪਾਰ

844
Share

ਨਵੀਂ ਦਿੱਲੀ, 24 ਮਈ (ਪੰਜਾਬ ਮੇਲ)- ਦੇਸ਼ ‘ਚ ਲਗਾਤਾਰ ਤੀਜੇ ਦਿਨ ਵੀ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ 6 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 1,31,868 ‘ਤੇ ਪਹੁੰਚ ਗਈ ਹੈ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿਚ 54 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਵਾਇਰਸ ਤੋਂ ਨਿਜਾਤ ਵੀ ਪਾਈ ਹੈ। ਕੇਂਦਰੀ ਸਿਹਤ ਮੰਤਰੀ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਐਤਵਾਰ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਸਭ ਤੋਂ ਵਧਰੇ 6767 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 1,31,868 ‘ਤੇ ਪਹੁੰਚ ਗਈ ਹੈ। ਦੇਸ਼ ਵਿਚ ਕੁੱਲ ਸਰਗਰਮ ਮਾਮਲੇ 73,560 ਹੈ। ਇਸ ਤੋਂ ਇਕ ਦਿਨ ਪਹਿਲਾਂ 6654 ਨਵੇਂ ਮਾਮਲੇ ਸਾਹਮਣੇ ਆਏ ਸਨ। ਦੇਸ਼ ਵਿਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ 147 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 3867 ਹੋ ਗਈ ਹੈ।

ਸ਼ਨੀਵਾਰ ਦੀ ਤੁਲਨਾ ਵਿਚ ਐਤਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਵਧੀ ਹੈ। ਸ਼ਨੀਵਾਰ ਦੇ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਕੋਰੋਨਾ ਨਾਲ 137 ਲੋਕਾਂ ਦੀ ਮੌਤ ਹੋਈ ਸੀ। ਵਾਇਰਸ ਦੇ ਵੱਧਦੇ ਮਾਮਲਿਆਂ ਦਰਮਿਆਨ ਪਿਛਲੇ 24 ਘੰਟਿਆਂ ਵਿਚ ਇਸ ਮਹਾਮਾਰੀ ਨਾਲ 2657 ਲੋਕ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 54,441 ਹੋ ਗਈ ਹੈ। ਦੇਸ਼ ਵਿਚ ਕੋਰੋਨਾ ਨਾਲ ਸਭ ਤੋਂ ਵਧੇਰੇ ਮਹਾਰਾਸ਼ਟਰ ਪ੍ਰਭਾਵਿਤ ਹੋਇਆ ਹੈ ਅਤੇ ਕੁੱਲ ਪੀੜਤਾਂ ਦੇ ਮਾਮਲਿਆਂ ਵਿਚ ਇਕ ਤਿਹਾਈ ਤੋਂ ਵਧੇਰੇ ਹਿੱਸਾ ਇੱਥੋਂ ਦਾ ਹੀ ਹੈ।

ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ‘ਚ 2608 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤਾਂ ਦੀ ਗਿਣਤੀ 47,190 ਹੋ ਗਈ ਹੈ ਅਤੇ ਕੁੱਲ 1577 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13,404 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ। ਦੱਸ ਦੇਈਏ ਕਿ ਬੀਤੀ 24 ਮਾਰਚ ਨੂੰ ਦੇਸ਼ ‘ਚ ਲਾਕਡਾਊਨ ਲਾਗੂ ਕੀਤਾ ਗਿਆ ਹੈ, ਜਿਸ ਨੂੰ ਅੱਜ ਭਾਵ ਐਤਵਾਰ ਨੂੰ 2 ਮਹੀਨੇ ਹੋ ਗਏ ਹਨ। ਲਾਕਡਾਊਨ 4 ਪੜਾਅ ‘ਚ ਲਾਗੂ ਕੀਤਾ ਗਿਆ ਹੈ। 18 ਮਈ ਤੋਂ ਬਾਅਦ ਲਾਕਡਾਊਨ-4 ਲਾਗੂ ਕੀਤਾ ਗਿਆ ਹੈ, ਜੋ ਕਿ 31 ਮਈ ਤੱਕ ਜਾਰੀ ਰਹੇਗਾ।


Share