ਭਾਰਤ ’ਚ ਕੋਰੋਨਾ ਕਾਰਨ ਹੋਈਆਂ ਲਗਭਗ 50 ਲੱਖ ਮੌਤਾਂ: ਅਮਰੀਕੀ ਅਧਿਐਨ ’ਚ ਦਾਅਵਾ

144
Share

ਦੇਸ਼ ਦੀ ਵੰਡ ਪਿਛੋਂ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ
ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)-ਭਾਰਤ ਨੂੰ ਕੋਰੋਨਾ ਮਹਾਮਾਰੀ ਨੇ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਵਲਡੋਮੀਟਰ ਮੁਤਾਬਕ ਕੋਰੋਨਾ ਕਾਰਨ ਹੁਣ ਤੱਕ 4 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਇਕ ਅਮਰੀਕੀ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ।
ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਤੋਂ 10 ਗੁਣਾ ਤੋਂ ਵੀ ਵੱਧ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਜਨਵਰੀ 2020 ਤੋਂ ਜੂਨ 2021 ਦਰਮਿਆਨ ਕੋਵਿਡ-19 ਕਾਰਨ ਲਗਭਗ 50 ਲੱਖ ਲੋਕਾਂ ਦੀ ਜਾਨ ਗਈ। ਇਹ ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਬਣ ਗਈ ਹੈ। ਰਿਪਰੋਟ ਨੂੰ ਤਿਆਰ ਕਰਨ ਵਾਲਿਆਂ ’ਚ 4 ਸਾਲ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਣੀਅਮ ਵੀ ਸ਼ਾਮਲ ਹਨ। ਵਾਸ਼ਿੰਗਟਨ ਦੇ ਸੈਂਟਰ ਫਾਰ ਗਲੋਬਲ ਡਿਵੈੱਲਪਮੈਂਟ ਵੱਲੋਂ ਜਾਰੀ ਰਿਪੋਰਟ ’ਚ ਸਰਕਾਰੀ ਅੰਕੜਿਆਂ, ਕੌਮਾਂਤਰੀ ਅਨੁਮਾਨਾਂ, ਸਿਰੋਲਾਜਿਕਲ ਰਿਪੋਰਟਾਂ ਅਤੇ ਘਰਾਂ ’ਚ ਹੋਏ ਸਰਵੇਖਣ ਨੂੰ ਆਧਾਰ ਬਣਾਇਆ ਗਿਆ ਹੈ।
ਰਿਪੋਰਟ ਅਨੁਸਾਰ ਭਾਰਤ ’ਚ ਕੋਵਿਡ ਨਾਲ ਹੋਈਆਂ ਮੌਤਾਂ ਦਾ ਕੋਈ ਅਧਿਕਾਰਤ ਅਨੁਮਾਨ ਨਹੀਂ ਹੈ ਅਤੇ ਇਸ ਦੇ ਮੱਦੇਨਜ਼ਰ ਖੋਜਕਰਤਾਵਾਂ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਇਸ ਸਾਲ ਜੂਨ ’ਚ ਤਿੰਨ ਵੱਖ-ਵੱਖ ਸਰੋਤਾਂ ਨਾਲ ਮੌਤ ਦੀ ਦਰ ਦਾ ਅਨੁਮਾਨ ਲਗਾਇਆ ਹੈ। ਪਹਿਲਾ ਅਨੁਮਾਨ 7 ਸੂਬਿਆਂ ’ਚ ਮੌਤਾਂ ਦੇ ਰਾਜ ਪੱਧਰੀ ਰਜਿਸਟ੍ਰੇਸ਼ਨ ਤੋਂ ਲਗਾਇਆ ਗਿਆ, ਜਿਸ ਨਾਲ 34 ਲੱਖ ਤੋਂ ਵੱਧ ਮੌਤਾਂ ਦਾ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਖੋਜਕਰਤਾਵਾਂ ਨੇ ਉਮਰ-ਸਬੰਧੀ ਲਾਗ ਮੌਤ ਦਰ (ਆਈ.ਐੱਫ.ਆਰ.) ਦੇ ਅੰਤਰਰਾਸ਼ਟਰੀ ਅਨੁਮਾਨਾਂ ਦੀ ਵਰਤੋਂ ਕੀਤੀ।
ਖੋਜਕਰਤਾਵਾਂ ਨੇ ਖ਼ਪਤਕਾਰ ਪਿਰਾਮਿਡ ਘਰੇਲੂ ਸਰਵੇਖਣ (ਸੀ.ਪੀ.ਐੱਚ.ਐੱਸ.) ਦੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ, ਜੋ ਸਾਰੇ ਸੂਬਿਆਂ ਵਿਚ 800,000 ਤੋਂ ਵੱਧ ਲੋਕਾਂ ਦੇ ਵਿਚਾਲੇ ਦਾ ਸਰਵੇਖਣ ਹੈ। ਇਸ ਨਾਲ 49 ਲੱਖ ਤੋਂ ਵੱਧ ਮੌਤਾਂ ਹੋਣ ਦਾ ਅਨੁਮਾਨ ਹੈ। ਖੋਜਕਰਤਾਵਾਂ ਨੇ ਕਿਹਾ ਕਿ ਉਹ ਕਿਸੇ ਇਕ ਅਨੁਮਾਨ ਦਾ ਸਮਰਥਨ ਨਹੀਂ ਕਰਦੇ, ਕਿਉਂਕਿ ਹਰ ਤਰੀਕੇ ਵਿਚ ਗੁਣ ਅਤੇ ਕਮੀਆਂ ਹੁੰਦੀਆਂ ਹਨ। ਭਾਰਤ ਅਜੇ ਵੀ ਇਕ ਦੂਸਰੀ ਲਹਿਰ ਤੋਂ ਉਭਰ ਰਿਹਾ ਹੈ, ਜੋ ਮਾਰਚ ਵਿਚ ਸ਼ੁਰੂ ਹੋਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਵਧੇਰੇ ਛੂਤਕਾਰੀ ਡੈਲਟਾ ਵੈਰੀਐਂਟ ਕਾਰਨ ਭਾਰਤ ’ਚ ਸਥਿਤੀ ਖ਼ਰਾਬ ਹੋ ਗਈ ਹੈ। ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿੰਨਾ ਸਮਝਿਆ ਜਾਂਦਾ ਹੈ, ਪਹਿਲੀ ਲਹਿਰ ਉਸ ਤੋਂ ਕਿਤੇ ਜ਼ਿਆਦਾ ਘਾਤਕ ਸੀ। ਇਸ ਸਾਲ ਮਾਰਚ ਦੇ ਅੰਤ ਤੱਕ ਜਦੋਂ ਦੂਜੀ ਲਹਿਰ ਸ਼ੁਰੂ ਹੋਈ, ਭਾਰਤ ’ਚ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ 1,50,000 ਤੋਂ ਜ਼ਿਆਦਾ ਸੀ।

Share