ਭਾਰਤ ‘ਚ ਆਰਥਿਕ ਪਾੜਾ ਤੇ ਭਾਸ਼ਾਈ ਟਕਰਾਅ ਸੰਕਟ ਵਿਚ ਵਟ ਰਿਹਾ ਹੈ : ਡਾ. ਜੋਗਾ ਸਿੰਘ

608

-ਪੰਜਾਬੀ ਨੂੰ ਪਰਿਵਾਰ, ਸਰਕਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਏ ਬਿਨਾਂ ਨਹੀਂ ਸਰਨਾ : ਕਾਲਮਨਵੀਸ ਮੰਚ
”ਪੰਜਾਬੀ ਅੱਖੋਂ ਪਰੋਖੇ ਕਿਉਂ?” ਵਿਸ਼ੇ ਉਤੇ ਵੈਬੀਨਾਰ ‘ਚ ਪੰਜਾਬੀ ਨੂੰ ਅਦਾਲਤੀ ਭਾਸ਼ਾ ਬਣਾਉਣ ਦੀ ਉਠੀ ਮੰਗ
ਫਗਵਾੜਾ, 16 ਸਤੰਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ):- ”ਭਾਸ਼ਾ ਸੱਤਾ ‘ਚ ਰਹਿਣ ਤੇ ਸੱਤਾ ‘ਚੋਂ ਬਾਹਰ ਰੱਖਣ ਦਾ ਹਥਿਆਰ ਹੈ ਤੇ ਪੰਜਾਬੀ ਭਾਸ਼ਾ ਦਾ ਦੁਖਾਂਤ ਹੈ ਕਿ ਇਹ ਸੱਤਾ ਦੀ ਭਾਸ਼ਾ ਨਹੀਂ ਬਣੀ, ਉਦੋਂ ਵੀ ਨਹੀਂ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਦੋਂ ਵੀ ਸੱਤਾ ਦੀ ਭਾਸ਼ਾ ਫਾਰਸੀ ਸੀ, ”ਇਹ ਗੱਲ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਪੰਜਾਬੀ ਭਾਸ਼ਾ ਅੱਖੋਂ ਪਰੋਖੇ ਕਿਉਂ? ਵਿਸ਼ੇ ‘ਤੇ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਕਰਵਾਏ ਕੌਮਾਂਤਰੀ ਵੈੱਬੀਨਾਰ ਨੂੰ ਸੰਬੋਧਤ ਹੁੰਦਿਆਂ ਕਹੀ। ਉਨ੍ਹਾਂ ਇਤਿਹਾਸ ਦੇ ਵੇਰਵਿਆਂ ਦੇ ਹਵਾਲੇ ਨਾਲ ਪੰਜਾਬੀ ਭਾਸ਼ਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਗੰਭੀਰ ਟਿੱਪਣੀਆਂ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਭਾਸ਼ਾ ਦੀ ਮਾਰ ਪੈ ਰਹੀ ਹੈ। ਸਕੂਲੀ ਸਿੱਖਿਆ ‘ਚ ਮਾਧਿਅਮ ਵਜੋਂ ਪੰਜਾਬੀ ਦੀ ਥਾਂ ਅੰਗਰੇਜ਼ੀ ਲੈ ਰਹੀ ਹੈ। ਉੱਚ ਵਰਗ ਮਗਰੋਂ ਮੱਧਵਰਗੀ ਘਰਾਂ ‘ਚ ਵੀ ਹੁਣ ਆਮ ਬੋਲਚਾਲ ‘ਚ ਪੰਜਾਬੀ ਦੀ ਥਾਂ ਅੰਗਰੇਜ਼ੀ ਦੇ ਮਗਰੋਂ ਹਿੰਦੀ ਲੈ ਰਹੀ। ਇਸ ਦਾ ਵੱਡਾ ਕਾਰਨ ਹੈ ਪੰਜਾਬੀ ਭਾਸ਼ਾ ਨੂੰ ਰੁਜ਼ਗਾਰਮਈ ਰੁਤਬਾ ਹਾਸਲ ਨਹੀ। ਉਨ੍ਹਾਂ ਆਪਣੇ ਇਸ ਕਥਨ ਦੀ ਪੁਸ਼ਟੀ ਵਜੋਂ ਕਿਹਾ ਕਿ ਬਿਜਲੀ ਬੋਰਡ ‘ਚ ਕਲਰਕ ਲੱਗਣ ਲਈ ਵੀ ਟੈਸਟ ਪੰਜਾਬੀ ‘ਚ ਨਹੀਂ, ਅੰਗਰੇਜ਼ੀ ‘ਚ ਹੀ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਪ੍ਰੋਫੈਸ਼ਨਲ ਪੜ੍ਹਾਈ ਲਈ ਟੈਕਸਟ ਬੁੱਕ ਤੇ ਹੋਰ ਸਹਾਇਕ ਸਮੱਗਰੀ ਲੋੜ ਮੁਤਾਬਕ ਅਜੇ ਉਪਲੱਬਧ ਨਹੀਂ।
ਉਨ੍ਹਾਂ ਵਿਸ਼ਵ ਭਰ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਕਲਾਸਿਕ ਪੁਰਾਤਨ ਭਾਸ਼ਾਵਾਂ ਟੁੱਟ ਰਹੀਆਂ ਹਨ ਤੇ ਉਨ੍ਹਾਂ ਦੀ ਥਾਂ ਅੰਗਰੇਜ਼ੀ, ਜਰਮਨ ਤੇ ਫਰੈਂਚ ਸਮੇਤ ਆਧੁਨਿਕ ਭਾਸ਼ਾਵਾਂ ਲੈ ਰਹੀਆਂ ਹਨ।
ਸੰਸਕ੍ਰਿਤ ਮੂਲ ਤੇ ਪੁਰਾਤਨ ਭਾਸ਼ਾ ਦੀ ਸਥਾਪਤ ਧਾਰਨਾ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਆਰੀਆ ਦੀ ਭਾਸ਼ਾ ਵੈਦਿਕ ਭਾਸ਼ਾ ਸੀ, ਜਿਹੜੀ ਭਾਰਤ ਦੇ ਭਾਸ਼ਾਵਾਂ ਦੇ ਮਿਸ਼ਰਣ ਨਾਲ ਸੰਸਕ੍ਰਿਤ ਬਣੀ। ਉਨ੍ਹਾਂ ਇਤਿਹਾਸਕ ਵੇਰਵੇ ਦਿੰਦਿਆਂ ਦੱਸਿਆ ਕਿ ਭਾਰਤ ਉਪ ਮਹਾਂਦੀਪ ਵਿਚ ਅੰਗਰੇਜ਼ਾਂ ਦੇ ਆਉਣ ਮਗਰੋਂ ਭਾਸ਼ਾਵਾਂ ਦਾ ਫਿਰਕੂਕਰਣ ਹੋਇਆ। ਪੰਜਾਬੀ ਕੌਮੀਅਤ ਦੀ ਭਾਸ਼ਾਈ ਪਛਾਣ ‘ਤੇ ਧਾਰਮਿਕ ਰੰਗ ਚਾੜ੍ਹਿਆ ਜਾਣ ਲੱਗਿਆ। ਅੰਗਰੇਜ਼ਾਂ ਨੇ ਆਜ਼ਾਦੀ ਦੇ ਕੌਮੀ ਅੰਦੋਲਨ ‘ਚ ਪਾੜ ਪਾਉਣ ਲਈ ਭਾਸ਼ਾ ਨੂੰ ਹਥਿਆਰ ਵਜੋਂ ਵਰਤਿਆ ਤੇ ਲੋਕਾਂ ‘ਚ ਭਾਸ਼ਾਈ ਪਾੜਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ‘ਚ ਭਾਸ਼ਾਈ ਤੇ ਸੱਭਿਆਚਾਰਕ ਹੀਣਤਾ ਪੈਦਾ ਕੀਤੀ ਤੇ ਅੰਗਰੇਜ਼ੀ ਦੀ ਗੁਲਾਮੀ ਸਥਾਪਤ ਕੀਤੀ। ਪੂਰੇ ਭਾਰਤ ਨੂੰ ਅੰਗਰੇਜ਼ੀ ਖਾ ਰਹੀ ਹੈ। ਅੰਗਰੇਜ਼ੀ ਦੀ ਸੱਤਾ ਤੇ ਕਾਨੂੰਨ ਦੀ ਧੌਂਸਗਿਰੀ ਵਧ ਰਹੀ ਹੈ।
ਡਾ. ਜੋਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਚਿੰਤਾ ਜ਼ਾਹਿਰ ਕੀਤੀ ਕਿ ਭਾਰਤ ਮੁੜ ਗੁਲਾਮੀ ਵੱਲ ਵਧ ਰਿਹਾ ਹੈ। ਆਰਥਿਕ ਪਾੜਾ ਤੇ ਭਾਸ਼ਾਈ ਟਕਰਾਅ ਸਮਾਜਿਕ ਸੰਕਟ ‘ਚ ਵਟ ਰਿਹਾ ਹੈ। ਇਸ ਨੇ ਭਾਸ਼ਾਈ, ਸੱਭਿਆਚਾਰਕ, ਆਰਥਿਕ ਤੇ ਸਿਆਸੀ ਸਾਮਰਾਜੀ ਗਲਬਾ ਨੂੰ ਵਧਾਉਣਾ ਹੈ। ਅੱਜ ਭੂਗੋਲਿਕ ਹੱਦਾਂ ਦੀ ਥਾਂ ਆਰਥਿਕ ਹੱਦਬੰਦੀ ਲੈ ਰਹੀ ਹੈ। ਸਿੱਖਿਆ ਪਰਉਪਕਾਰ ਨਹੀਂ, ਕਾਰੋਬਾਰ ਬਣ ਗਿਆ ਹੈ ਖੇਤਰੀ ਭਾਸ਼ਾਵਾਂ ‘ਤੇ ਅੰਗਰੇਜ਼ੀ ਠੋਸ ਕੇ ਅੰਗਰੇਜ਼ੀ ਦੀ ਸੱਤਾ ਪੱਕੀ ਕੀਤੀ ਜਾ ਰਹੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਨੂੰਨਨ ਤੌਰ ਉੱਤੇ ਅੰਗਰੇਜ਼ੀ ਦਾ ਸਾਮਰਾਜ ਤੇ ਇਸ ਦੇ ਥੰਮ੍ਹ ਢਾਹੇ ਬਿਨਾਂ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕੀ ਮੁਕਾਮ ਨਹੀਂ ਮਿਲ ਸਕਦਾ। ਇਸ ਲਈ ਪੰਜਾਬੀ ਨੂੰ ਪਰਿਵਾਰ, ਸਰਕਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਜ਼ਰੂਰੀ ਹੈ।
ਕਾਨੂੰਨਦਾਨ ਤੇ ਪੰਜਾਬੀ ਭਾਈਚਾਰਾ ਪਸਾਰ ਮੰਚ ਦੇ ਮਿੱਤਰ ਸੈਨ ਮੀਤ ਨੇ ਕਾਨੂੰਨੀ ਪੱਖ ਤੋਂ ਪੰਜਾਬੀ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਪੰਜਾਬੀ ਨੂੰ ਜ਼ਿਲ੍ਹਾ ਅਦਾਲਤ ਦੀ ਭਾਸ਼ਾ ਬਣਾਉਣ ਦੇ ਕਾਨੂੰਨ ਹੋਣ ਦੇ ਬਾਵਜੂਦ ਦੇ ਲਾਗੂ ਨਾ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਦਾ ਵੱਡਾ ਕਾਰਨ ਇਸ ਲਈ ਕਾਨੂੰਨ ਟੈਕਸਟ ਤੇ ਹੋਰ ਸਮੱਗਰੀ ਦਾ ਨਾ ਹੋਣਾ ਹੈ।
ਡਾ. ਐੱਸ.ਪੀ. ਸਿੰਘ ਮੁਤਾਬਕ ਪੰਜਾਬੀ ਨੂੰ ਅੰਗਰੇਜ਼ੀ ਸਾਮਰਾਜ ਦੀ ਬਜਾਏ ਹਿੰਦੀ ਸਾਮਰਾਜ ਤੋਂ ਖ਼ਤਰਾ ਹੈ। ਸਿਲੇਬਸ ਵਿਚ ਔਖੇ ਸ਼ਬਦ ਪਾਏ ਜਾਂਦੇ ਹਨ। ਰਵਿੰਦਰ ਸਹਿਰਾਅ ਮੁਤਾਬਕ ਚੜ੍ਹਦੇ ਪੰਜਾਬ ਵਿਚ ਹਿੰਦੀ ਤੋਂ ਅਤੇ ਲਹਿੰਦੇ ਪੰਜਾਬ ਵਿਚ ਉਰਦੂ ਤੋਂ ਪੰਜਾਬੀ ਨੂੰ ਖ਼ਤਰਾ ਹੈ। ਰਣਜੀਤ ਧੀਰ ਮੁਤਾਬਕ ਪੰਜਾਬੀ ਭਾਸ਼ਾ ਨੇ ਅਕਸਰ ਹੀ ਸੰਤਾਪ ਹੰਢਾਇਆ ਹੈ। ਭਾਰਤ ਵਿਚ ਫਿਰਕਾਪ੍ਰਸਤੀ ਕੇਵਲ ਅੰਗਰੇਜ਼ਾਂ ਨੇ ਹੀ ਨਹੀਂ ਫੈਲਾਈ। ਇਹ ਇਸ ਸਮਾਜ ਵਿਚ ਪਹਿਲਾਂ ਵੀ ਮੌਜੂਦ ਸੀ। ਭਾਰਤ ਵਿਚ ਬੋਲੀਆਂ ਦਾ ਮਸਲਾ ਗ਼ੈਰ-ਤਾਰਕਿਕ ਬਣਦਾ ਜਾ ਰਿਹਾ ਹੈ। ਦਵਿੰਦਰ ਸੈਫ਼ੀ ਮੁਤਾਬਕ, ਅਸੀਂ ਪੰਜਾਬੀ ਦੀ ਸ਼ਕਤੀ ਨੂੰ ਪਛਾਣ ਨਹੀਂ ਸਕੇ। ਕੇ.ਐੱਸ. ਜਵੰਦਾ ਮੁਤਾਬਕ ਉਹੀ ਬੋਲੀ ਬਚ ਸਕੇਗੀ, ਜਿਸ ਨੂੰ ਬੋਲਣ ਵਾਲੇ ਲੋਕਾਂ ਦੀ ਆਰਥਿਕਤਾ ਚੰਗੀ ਹੋਏਗੀ ਅਤੇ ਜਿਹੜੇ ਨਵੇਂ ਜ਼ਮਾਨੇ ਦੇ ਹਾਣੀ ਬਣ ਸਕਣਗੇ। ਡਾ. ਆਸਾ ਸਿੰਘ ਘੁੰਮਣ ਮੁਤਾਬਕ ਅੰਗਰੇਜ਼ੀ ਮੀਡੀਅਮ ਠੀਕ ਨਹੀਂ ਹੈ ਪਰ ਅੰਗਰੇਜ਼ੀ ਨੂੰ ਬਿਲਕੁਲ ਵੀ ਨਕਾਰ ਦੇਣਾ ਲਾਹੇਵੰਦ ਨਹੀਂ ਹੋਏਗਾ। ਅੰਗਰੇਜ਼ੀ ਕਾਰਨ ਹੀ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਪ੍ਰੋ. ਹਰਜਿੰਦਰ ਸਿੰਘ ਵਾਲੀਆ ਮੁਤਾਬਕ ਪੰਜਾਬੀ ਨੂੰ ਪਰਿਵਾਰ, ਸਰਕਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਏ ਬਿਨਾਂ ਨਹੀਂ ਸਰਨਾ। ਗੁਰਚਰਨ ਸਿੰਘ ਨੂਰਪੁਰ ਨੇ ਡਾ. ਹਰਜਿੰਦਰ ਵਾਲੀਆ ਦੇ ਕਥਨ ਦੀ ਪ੍ਰੋੜਤਾ ਕੀਤੀ। ਗੁਰਮੀਤ ਸਿੰਘ ਪਲਾਹੀ ਨੇ ਜੰਮੂ-ਕਸ਼ਮੀਰ ਵਿਚ ਲਾਗੂ ਕੀਤੀ ਜਾ ਰਹੀ ਨਵੀਂ ਭਾਸ਼ਾ ਨੀਤੀ ਵਿਚ ਪੰਜਾਬੀ ਨੂੰ ਅੱਖੋਂ ਪਰੋਖੇ ਕਰਨ ਦੀ ਨਿੰਦਾ ਕਰਦਿਆਂ ਇਸਨੂੰ ਘੱਟ ਗਿਣਤੀਆਂ ਉਤੇ ਵੱਡਾ ਹਮਲਾ ਕਰਾਰ ਦਿੱਤਾ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਧੰਨਵਾਦੀ ਸ਼ਬਦ ਕਹਿੰਦਿਆਂ, ਪੰਜਾਬੀ ਹਿਤੈਸ਼ੀ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਖੜ੍ਹੋ ਕੇ ਪੰਜਾਬੀ ਨੂੰ ਬਣਦਾ ਥਾਂ ਦੁਆਉਣ ਲਈ ਇੱਕਮੁੱਠ ਹੋਣ ਦੀ ਅਪੀਲ ਕੀਤੀ। ਇਸ ਵੈਬੀਨਾਰ ਵਿਚ ਹੋਰਨਾਂ ਤੋਂ ਬਿਨਾਂ ਡਾ. ਜੋਗਾ ਸਿੰਘ, ਮਿੱਤਰ ਸੈਨ ਮੀਤ, ਡਾ. ਐੱਸ.ਪੀ. ਸਿੰਘ, ਮੋਤਾ ਸਿੰਘ ਸਰਾਏ, ਪਵਨ ਹਰਚੰਦਪੁਰੀ, ਪ੍ਰੋ: ਰਣਜੀਤ ਧੀਰ, ਡਾ: ਦੇਵਿੰਦਰ ਸੈਫ਼ੀ, ਡਾ: ਹਰਜਿੰਦਰ ਵਾਲੀਆ, ਗੁਰਚਰਨ ਨੂਰਪੁਰ, ਵਰਿੰਦਰ ਸ਼ਰਮਾ, ਜੀ.ਐੱਸ. ਗੁਰਦਿੱਤ, ਰਵਿੰਦਰ ਸਹਿਰਾਅ, ਕੇ. ਜਵੰਦਾ, ਬਲਦੇਵ ਕੰਦੋਲਾ, ਡਾ. ਗਿਆਨ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਨਜ਼ੀਰ ਜੋਈਆ, ਡਾ. ਗੁਰਵਿੰਦਰ ਅਮਨ, ਕੇਹਰ ਸ਼ਰੀਫ, ਡਾ. ਚਨਰਜੀਤ ਸਿੰਘ ਗੁੰਮਟਾਲਾ, ਡਾ. ਮੁਹੰਮਦ ਸ਼ਰੀਕ, ਸੁਰਿੰਦਰ ਮਚਾਕੀ, ਰਵਿੰਦਰ ਚੋਟ, ਐਡਵੋਕੇਟ ਐੱਸ.ਐੱਲ. ਵਿਰਦੀ, ਅਡਵੋਕੇਟ ਦਰਸ਼ਨ ਸਿੰਘ ਰਿਆੜ, ਜੀ.ਐੱਸ. ਗੁਰਦਿੱਤ, ਜਗਦੀਪ ਸਿੰਘ ਕਾਹਲੋਂ, ਬਿਕਰਮਜੀਤ ਸਿੰਘ, ਰਵਿੰਦਰ ਚੋਟ, ਬੰਸੋ ਦੇਵੀ, ਬਿਅੰਤ ਕੌਰ ਗਿੱਲ, ਮਨਦੀਪ ਸਿੰਘ, ਮਲਕੀਅਤ ਸਿੰਘ ਸ਼ਾਮਲ ਹੋਏ। ਪਰਵਿੰਦਰਜੀਤ ਸਿੰਘ ਵੈਬੀਨਾਰ ਦੇ ਹੋਸਟ ਸਨ।