ਭਾਰਤ-ਚੀਨ ’ਚ ਫ਼ੌਜਾਂ ਪਿੱਛੇ ਹਟਾਉਣ ਲਈ ਸਮਝੌਤਾ

417
Share

ਨਵੀਂ ਦਿੱਲੀ, 12 ਫਰਵਰੀ (ਪੰਜਾਬ ਮੇਲ) – ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਪਿਛਲੇ 9 ਮਹੀਨਿਆਂ ਤੋਂ ਜਾਰੀ ਜਮੂਦ ਨੂੰ ਤੋੜਨ ’ਚ ਕਾਮਯਾਬੀ ਮਿਲ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ’ਚ ਦੱਸਿਆ ਕਿ ਪੂਰਬੀ ਲੱਦਾਖ ’ਚ ਪੈਂਗੌਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜਾਂ ਪਿੱਛੇ ਹਟਾਉਣ ਲਈ ਭਾਰਤ ਅਤੇ ਚੀਨ ਸਮਝੌਤੇ ’ਤੇ ਪਹੁੰਚ ਗਏ ਹਨ। ਸਮਝੌਤੇ ਤਹਿਤ ਦੋਵੇਂ ਮੁਲਕ ਆਪਣੀਆਂ ਫ਼ੌਜਾਂ ਤਾਇਨਾਤ ਕਰਨਾ ਬੰਦ ਕਰ ਦੇਣਗੇ ਅਤੇ ਪੜਾਅਵਾਰ ਫ਼ੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰਨਗੇ ਜਿਸ ਦੀ ਤਸਦੀਕ ਵੀ ਕੀਤੀ ਜਾਵੇਗੀ।

ਸਮਝੌਤੇ ਦੇ ਵੇਰਵੇ ਸਾਂਝੇ ਕਰਦਿਆਂ ਰਾਜਨਾਥ ਸਿੰਘ ਨੇ ਰਾਜ ਸਭਾ ਨੂੰ ਭਰੋਸਾ ਦਿੱਤਾ ਕਿ ਭਾਰਤ ਨੇ ਚੀਨ ਨਾਲ ਵਾਰਤਾ ਦੌਰਾਨ ਕੁਝ ਵੀ ਨਹੀਂ ਗੁਆਇਆ ਹੈ। ਉਨ੍ਹਾਂ ਕਿਹਾ,‘‘ਭਾਰਤ ਕਿਸੇ ਨੂੰ ਵੀ ਆਪਣੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਈ ਖੁੱਲ੍ਹ ਨਹੀਂ ਦੇਵੇਗਾ।’’ ਰੱਖਿਆ ਮੰਤਰੀ ਨੇ ਕਿਹਾ ਕਿ ਸਮਝੌਤਾ ਲਾਗੂ ਹੋਣ ਨਾਲ ਪਿਛਲੇ ਸਾਲ 5 ਮਈ ਤੋਂ ਪਹਿਲਾਂ ਵਾਲੇ ਹਾਲਾਤ ਬਹਾਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਇਸ ਗੱਲ ਲਈ ਰਾਜ਼ੀ ਹਨ ਕਿ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦਿਆਂ ਛੇਤੀ ਤੋਂ ਛੇਤੀ ਫ਼ੌਜਾਂ ਪਿੱਛੇ ਹਟਾਈਆਂ ਜਾਣ। ਚੀਨ ਵੱਲੋਂ ਫ਼ੌਜਾਂ ਪਿੱਛੇ ਹਟਾਉਣ ਦਾ ਅਮਲ ਸ਼ੁਰੂ ਕੀਤੇ ਜਾਣ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਹੀ ਉਪਰਲੇ ਸਦਨ ’ਚ ਬਿਆਨ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਮੁਲਕ ਉੱਤਰੀ ਅਤੇ ਦੱਖਣੀ ਕੰਢਿਆਂ ’ਤੇ ਪਿਛਲੇ ਸਾਲ ਅਪਰੈਲ ਤੋਂ ਬਣਾਏ ਗਏ ਢਾਂਚਿਆਂ ਨੂੰ ਹਟਾਉਣ ਲਈ ਵੀ ਸਹਿਮਤ ਹੋ ਗਏ ਹਨ। ਇਸ ਤੋਂ ਇਲਾਵਾ ਆਪਣੇ ਇਲਾਕਿਆਂ ’ਚ ਗਸ਼ਤ ਸਮੇਤ ਹੋਰ ਫ਼ੌਜੀ ਸਰਗਰਮੀਆਂ ਨੂੰ ਆਰਜ਼ੀ ਤੌਰ ’ਤੇ ਰੋਕਣ ਦਾ ਵੀ ਫ਼ੈਸਲਾ ਲਿਆ ਗਿਆ ਹੈ।


Share