ਭਾਰਤ ਗੰਭੀਰ ਮੰਦੀ ਦੇ ਦੌਰ ‘ਚ ਦਾਖਲ : ਆਰ.ਬੀ.ਆਈ. ਦੀ ਰਿਪੋਰਟ ‘ਚ ਖ਼ੁਲਾਸਾ

458
Share

ਮੂਡੀਜ਼ ਨੇ ਹਾਲਾਤ ‘ਚ ਸੁਧਾਰ ਦੀ ਉਮੀਦ ਜਤਾਈ

ਮੁੰਬਈ, 13 ਨਵੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਮੁਲਕ ਗੰਭੀਰ ਮੰਦੀ (ਰੀਸੈਸ਼ਨ) ਦੇ ਦੌਰ ‘ਚ ਦਾਖ਼ਲ ਹੋ ਗਿਆ ਹੈ ਅਤੇ ਜੁਲਾਈ ਤੋਂ ਸਤੰਬਰ ਦੇ ਵਕਫ਼ੇ ਦੌਰਾਨ ਜੀ.ਡੀ.ਪੀ. ਦਾ ਘਟਣਾ ਇਸ ਦਾ ਸਬੂਤ ਹੈ। ਆਰ.ਬੀ.ਆਈ. ਦੇ ਆਰਥਿਕ ਸਰਗਰਮੀ ਸੂਚਕ ਅੰਕ ਦੇ ਅੰਦਾਜ਼ੇ ਮੁਤਾਬਕ ਭਾਰਤ ਦੀ ਜੀ.ਡੀ.ਪੀ. ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ‘ਚ ਨਕਾਰਾਤਮਕ ਸੀ ਅਤੇ ਜੀ.ਡੀ.ਪੀ. 8.6 ਫ਼ੀਸਦੀ ਤੱਕ ਘਟੀ। ਰਿਪੋਰਟ ‘ਚ ਕਿਹਾ ਗਿਆ, ”ਭਾਰਤ ਇਤਿਹਾਸ ‘ਚ ਪਹਿਲੀ ਵਾਰ 2020-21 ਦੇ ਪਹਿਲੇ ਅੱਧ ‘ਚ ਗੰਭੀਰ ਮੰਦੀ ਦਾ ਸ਼ਿਕਾਰ ਹੋ ਗਿਆ। ਵਿੱਤੀ ਵਰ੍ਹੇ ਦੀ ਲਗਾਤਾਰ ਦੂਜੀ ਤਿਮਾਹੀ ‘ਚ ਜੀ.ਡੀ.ਪੀ. ਦੇ ਹੋਰ ਡਿੱਗਣ ਦੇ ਆਸਾਰ ਬਣੇ।” ਵਿਕਾਸ ਦਰ ‘ਚ ਵਾਧਾ ਕਾਰੋਬਾਰੀ ਗਤੀਵਿਧੀਆਂ ਦੇ ਹੌਲੀ-ਹੌਲੀ ਆਮ ਵਾਂਗ ਹੋਣ ਕਾਰਨ ਦਰਜ ਹੋ ਰਿਹਾ ਹੈ ਅਤੇ ਅਰਥਚਾਰੇ ‘ਚ ਮੰਦੀ ਥੋੜ੍ਹੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਕਾਰਨ ਜਦੋਂ ਆਲਮੀ ਆਰਥਿਕਤਾ ‘ਤੇ ਬੁਰਾ ਅਸਰ ਪੈ ਰਿਹਾ ਹੈ, ਤਾਂ ਅਕਤੂਬਰ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਅਰਥਚਾਰੇ ‘ਚ ਸੁਧਾਰ ਹੋ ਰਿਹਾ ਹੈ ਅਤੇ ਖਪਤਕਾਰਾਂ ਤੇ ਕਾਰੋਬਾਰੀਆਂ ਦਾ ਭਰੋਸਾ ਮੁੜ ਕਾਇਮ ਹੋ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2020-21 ਦੇ ਪਹਿਲੇ ਅੱਧ ‘ਚ ਭਾਰਤੀ ਅਰਥਚਾਰੇ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਕਾਸ ਦੇ ਕਈ ਨਵੇਂ ਰਾਹ ਖੁੱਲ੍ਹ ਰਹੇ ਹਨ ਅਤੇ ਤਿਉਹਾਰੀ ਮੌਸਮ ਦੌਰਾਨ ਕੋਵਿਡ-19 ਦੀ ਜਕੜ ‘ਚੋਂ ਨਿਕਲ ਕੇ ਆਰਥਿਕ ਸਰਗਰਮੀਆਂ ਤੇਜ਼ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਕਰ ਅਕਤੂਬਰ ‘ਚ ਪੇਸ਼ ਕੀਤੀ ਗਈ ਆਰਥਿਕ ਨੀਤੀ ਰਿਪੋਰਟ ‘ਚ ਕੀਤਾ ਗਿਆ ਹੈ।
ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੇ ਜੀ.ਡੀ.ਪੀ. ਅਨੁਮਾਨ ‘ਚ ਸੋਧ ਕਰਦਿਆਂ ਪਹਿਲਾਂ ਦੇ ਮੁਕਾਬਲੇ ਹਾਲਾਤ ‘ਚ ਸੁਧਾਰ ਦੀ ਉਮੀਦ ਜਤਾਈ ਹੈ। ਮੂਡੀਜ਼ ਨੇ 2020 ‘ਚ ਭਾਰਤੀ ਅਰਥਚਾਰੇ ‘ਚ 8.9 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ, ਜਦਕਿ ਇਸ ਤੋਂ ਪਹਿਲਾਂ ਉਸ ਨੇ 9.6 ਫ਼ੀਸਦੀ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਸੀ। ਮੂਡੀਜ਼ ਨੇ ਕਿਹਾ ਕਿ ਲੰਬੇ ਅਤੇ ਸਖ਼ਤ ਲੌਕਡਾਊਨ ਤੋਂ ਬਾਅਦ ਦੇਸ਼ ਦਾ ਅਰਥਚਾਰਾ ਮੁੜ ਲੀਹਾਂ ‘ਤੇ ਆ ਗਿਆ ਹੈ ਪਰ ਇਹ ਸੁਧਾਰ ਖਿੰਡਿਆ ਹੋਇਆ ਹੈ। ਰਿਪੋਰਟ ‘ਚ ਏਜੰਸੀ ਨੇ 2021 ਲਈ ਵੀ ਮੁਲਕ ਦੀ ਆਰਥਿਕ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ 8.6 ਫ਼ੀਸਦੀ ਕੀਤਾ ਹੈ। ਪਹਿਲਾਂ ਇਹ 8.1 ਫ਼ੀਸਦ ਸੀ।


Share