ਭਾਰਤ ਕੌਂਸਲੇਟ ਵੱਲੋਂ ਕੈਨੇਡੀਅਨ ਸਕੂਲਾਂ ’ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ ’ਤੇ ਇਤਰਾਜ਼ ਪ੍ਰਗਟ

90
Share

ਨਿਊਯਾਰਕ/ਟੋਰਾਂਟੋ, 21 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਟੋਰਾਂਟੋ ਵਿਖੇ ਭਾਰਤੀ ਕੌਂਸਲੇਟ ਵੱਲੋਂ ਇਸ ਗੱਲ ’ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਗ੍ਰੇਟਰ ਟੋਰਾਂਟੋ ਖੇਤਰ ਦੇ ਸਕੂਲਾਂ ਵਿਖੇ ਬੱਚਿਆਂ ਨੂੰ ਕਿਸਾਨੀ ਸੰਘਰਸ਼ ਬਾਰੇ ਪੜ੍ਹਾਇਆ ਜਾ ਰਿਹਾ ਹੈ। ਭਾਰਤੀ ਕੌਂਸਲੇਟ ਨੇ ਇੱਕ ਚਿੱਠੀ ਜ਼ਰੀਏ ਇਹ ਗੱਲ ਕਹੀ ਹੈ ਕਿ ਪੀਲ, ਟੋਰਾਂਟੋ ਅਤੇ ਯੋਰਕ ਖੇਤਰ ਦੇ ਐਲੀਮੈਂਟਰੀ ਅਤੇ ਹਾਈ ਸਕੂਲਾਂ ਵਿਖੇ ਕਿਸਾਨੀ ਸੰਘਰਸ਼ ਨਾਲ ਸਬੰਧਤ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ।
ਕੌਂਸਲੇਟ ਦਫਤਰ ਨੇ ਓਨਟਾਰੀਓ ਦੇ ਅੰਤਰਰਾਸ਼ਟਰੀ ਸਬੰਧ ਅਤੇ ਪ੍ਰੋਟੋਕੋਲ ਦਫਤਰ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਗਤੀਵਿਧੀਆਂ ਦੀ ਜਾਂਚ ਕਰਵਾਉਣ, ਜਿਸ ਨਾਲ ਭਾਰਤੀ ਸੁਰੱਖਿਆ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਇਸ ਚਿੱਠੀ ’ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸ ਨੂੰ ਕੈਨੇਡੀਅਨ ਲੋਕਾਂ ਦੀ ਆਵਾਜ਼ ਠੱਪ ਕਰਨ ਵਾਲੀ ਕਾਰਵਾਈ ਦੱਸਿਆ ਹੈ ਅਤੇ ਕਿਹਾ ਹੈ ਕਿ ਭਾਰਤ ਵਿਚ ਵੀ ਵੱਖ-ਵੱਖ ਢੰਗਾ ਨਾਲ ਲੋਕਾਂ ਦੀ ਆਵਾਜ਼ ਇਸੇ ਢੰਗ ਨਾਲ ਹੀ ਬੰਦ ਕੀਤੀ ਜਾ ਰਹੀ ਹੈ।¿;
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡੀਅਨ ਸਿਸਟਮ ਵਿਚ ਭਾਰਤ ਦੀ ਸਿੱਧੀ ਦਖਲਅੰਦਾਜ਼ੀ ਹੈ। ਪੀਲ ਸਕੂਲ ਬੋਰਡ ਨੇ ਕਿਹਾ ਹੈ ਕਿ ਉਹ ਆਪਣੇ ਸਕੂਲਾਂ ਵਿਖੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਨਾ ਕਰਨ ਲਈ ਨਹੀਂ ਕਹੇਗੀ। ਦੂਜੇ ਪਾਸੇ ਭਾਰਤੀ ਮੂਲ ਦੇ ਕੁਝ ਮਾਪਿਆਂ ਵੱਲੋਂ ਵੀ ਭਾਰਤੀ ਕੌਂਸਲੇਟ ਦਫਤਰ ਨਾਲ ਸੰਪਰਕ ਕਰਕੇ ਸਕੂਲਾਂ ਵਿਖੇ ਪੜ੍ਹਾਏ ਜਾ ਰਹੇ ਵਿਸ਼ਿਆਂ ’ਤੇ ਇਤਰਾਜ਼ ਜਤਾਇਆ ਗਿਆ ਸੀ।

Share