ਭਾਰਤ ਆਉਣ ਵਾਲੇ ਲੋਕਾਂ ਨੂੰ ਵਿਦੇਸ਼ਾਂ ‘ਚ ਭਾਰਤੀ ਮਿਸ਼ਨ ਨਾਲ ਖੁਦ ਨੂੰ ਰਜਿਸਟਰ ਕਰਾਉਣ ਦੀ ਜ਼ਰੂਰਤ ਨਹੀਂ!

514
Share

-ਹਵਾਈ ਮੁਸਾਫਰਾਂ ਨੂੰ ਸਰਕਾਰ ਵੱਲੋਂਨ ਵੱਡੀ ਰਾਹਤ
ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਸਰਕਾਰ ਨੇ ਕੋਰੋਨਾਵਾਇਰਸ ਵਿਚਕਾਰ ਉਨ੍ਹਾਂ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਨ੍ਹਾਂ ਨਾਲ ਸਰਕਾਰ ਨੇ ‘ਏਅਰ ਬੱਬਲ’ ਕਰਾਰ ਕੀਤਾ ਹੈ। ਹੁਣ ਉੱਥੋਂ ਆਉਣ ਵਾਲੇ ਲੋਕਾਂ ਨੂੰ ਵਿਦੇਸ਼ਾਂ ‘ਚ ਭਾਰਤੀ ਮਿਸ਼ਨ ਨਾਲ ਖੁਦ ਨੂੰ ਰਜਿਸਟਰ ਕਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਜ਼ਰੂਰਤ ਸਿਰਫ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ‘ਚ ਯਾਤਰਾ ਕਰਨ ਵਾਲੇ ਲੋਕਾਂ ਲਈ ਹੈ।
‘ਏਅਰ ਬੱਬਲ’ ਸਮਝੌਤੇ ਵਾਲੇ ਇਕ ਦੇਸ਼ ਦੀ ਵਿਦੇਸ਼ੀ ਏਅਰਲਾਈਨ ਦੇ ਸੀਨੀਅਰ ਅਧਿਕਾਰੀ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ, ”ਨਵੇਂ ਨਿਯਮਾਂ ਅਨੁਸਾਰ, ਸਾਡੀਆਂ ਉਡਾਣਾਂ ਦੇ ਯਾਤਰੀਆਂ ਨੂੰ ਭਾਰਤੀ ਦੂਤਾਵਾਸ ਦੇ ਪੋਰਟਲ ‘ਤੇ ਰਜਿਸਟਰ ਨਹੀਂ ਕਰਨਾ ਪਵੇਗਾ। ਇਸ ਲਈ ਇਹ ਉਨ੍ਹਾਂ ਲਈ ਤੇ ਸਾਡੇ ਲਈ ਰਾਹਤ ਦੀ ਗੱਲ ਹੈ।”
ਭਾਰਤ ਹੁਣ ਤੱਕ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਯੂ.ਏ.ਈ., ਕਤਰ ਅਤੇ ਮਾਲਦੀਵ ਨਾਲ ‘ਏਅਰ ਬੱਬਲ’ ਕਰਾਰ ਕਰ ਚੁੱਕਾ ਹੈ।
ਗ੍ਰਹਿ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਨੋਟੀਫਿਕੇਸ਼ਨ ‘ਚ ਕਿਹਾ ਕਿ ਜਿਨ੍ਹਾਂ ਦੇਸ਼ਾਂ ‘ਚ ਭਾਰਤ ਨਾਲ ‘ਏਅਰ ਬੱਬਲ’ ਕਰਾਰ ਹੈ, ਉਨ੍ਹਾਂ ਦੇਸ਼ਾਂ ‘ਚ ਯਾਤਰੀਆਂ ਨੂੰ ਆਪਣੀ ਉਡਾਣ ਭਾਰਤ ਲਈ ਫੜਨ ਤੋਂ ਪਹਿਲਾਂ ਭਾਰਤੀ ਮਿਸ਼ਨਾਂ ‘ਚ ਖੁਦ ਨੂੰ ਰਜਿਸਟਰ ਕਰਾਉਣ ਦੀ ਲੋੜ ਨਹੀਂ ਹੈ। ਗੌਰਤਲਬ ਹੈ ਕਿ ਇਸ ਸਮਝੌਤੇ ਤਹਿਤ ਕੁਝ ਸ਼ਰਤਾਂ ਨਾਲ ਹਵਾਈ ਉਡਾਣਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਉੱਥੇ ਹੀ, ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਆਉਣ ਵਾਲੇ ਲੋਕਾਂ ਨੂੰ ਭਾਰਤੀ ਮਿਸ਼ਨ ਨਾਲ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ।


Share