8ਵੇਂ ਦਿਨ ਕੀਤਾ ਜਾਵੇਗਾ ਆਰ.ਟੀ.-ਪੀ.ਸੀ.ਆਰ. ਟੈਸਟ
ਨਵੀਂ ਦਿੱਲੀ, 7 ਜਨਵਰੀ (ਪੰਜਾਬ ਮੇਲ)- ਭਾਰਤ ਸਰਕਾਰ ਨੇ ਨਵੇਂ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਦੇਸ਼ ’ਚ ਆਉਣ ਵਾਲੇ ਕੌਮਾਂਤਰੀ ਮੁਸਾਫਿਰਾਂ ਲਈ ਇਕ ਹਫਤੇ ਵਾਸਤੇ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ ਤੇ 8ਵੇਂ ਦਿਨ ਆਰ.ਟੀ.-ਪੀ.ਸੀ.ਆਰ. ਟੈਸਟ ਕੀਤਾ ਜਾਵੇਗਾ। ਸ਼ੁੱਕਰਵਾਰ ਤੋਂ ਜਾਰੀ ਹੋਈਆਂ ਇਹ ਹਦਾਇਤਾਂ 11 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ। ਹਦਾਇਤਾਂ ਅਨੁਸਾਰ ‘ਕੋਵਿਡ ਰਿਸਕ’ ਵਾਲੇ ਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਣ ’ਤੇ ਕੋਵਿਡ ਦਾ ਸੈਂਪਲ ਦੇਣਾ ਪਏਗਾ ਤੇ ਹਵਾਈ ਅੱਡੇ ’ਤੇ ਹੀ ਨਤੀਜੇ ਦੀ ਉਡੀਕ ਕਰਨੀ ਪਏਗੀ, ਜਿਸ ਮਗਰੋਂ ਹੀ ਉਹ ਹਵਾਈ ਅੱਡੇ ਤੋਂ ਬਾਹਰ ਆ ਸਕਣਗੇ ਜਾਂ ਅਗਲੀ ਫਲਾਈਟ ਲੈ ਸਕਣਗੇ। ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ, ਤਾਂ ਵੀ ਉਨ੍ਹਾਂ ਨੂੰ ਘਰ ਵਿਚ ਹੀ ਇਕ ਹਫਤੇ ਲਈ ਇਕਾਂਤਵਾਸ ਹੋਣਾ ਪਏਗਾ ਤੇ 8ਵੇਂ ਦਿਨ ਆਰ.ਟੀ.-ਪੀ.ਸੀ.ਆਰ. ਟੈਸਟ ਕੀਤਾ ਜਾਵੇਗਾ। ਇਸੇ ਦੌਰਾਨ ਬਿਨਾਂ ਰਿਸਕ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਿਰਾਂ ਦਾ ਵੀ ਹਵਾਈ ਅੱਡੇ ’ਤੇ ਕਰੋਨਾ ਟੈਸਟ ਕੀਤਾ ਜਾ ਸਕਦਾ ਹੈ। ਪੰਜ ਸਾਲ ਤੋਂ ਛੋਟੇ ਬੱਚਿਆਂ ਦਾ ਟੈਸਟ ਨਹੀਂ ਕੀਤਾ ਜਾਵੇਗਾ।