ਭਾਰਤ-ਅਮਰੀਕਾ ਵਲੋਂ ਟੀਕਾਕਰਨ ਤੇ ਸਰਹੱਦੀ ਵਿਵਾਦ ਸਮੇਤ ਹੋਰ ਮੁੱਦਿਆਂ ‘ਤੇ ਚਰਚਾ

363
Share

ਵਾਸ਼ਿੰਗਟਨ, 30 ਮਈ (ਪੰਜਾਬ ਮੇਲ)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਅਮਰੀਕਾ ਦੌਰੇ ਦੌਰਾਨ ਆਪਣੇ ਹਮਰੁਤਬਾ ਐਂਟਨੀ ਬਿਲੰਕਨ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਦੋਹਾਂ ਆਗੂਆਂ ਵਲੋਂ ਕੋਵਿਡ-19 ਰਾਹਤ ਕੋਸ਼ਿਸ਼ਾਂ, ਭਾਰਤ-ਚੀਨ ਸਰਹੱਦੀ ਸਥਿਤੀ ਤੇ ਅਫ਼ਗਾਨਿਸਤਾਨ ‘ਤੇ ਚਰਚਾ ਕੀਤੀ ਗਈ | ਇਸ ਦੌਰਾਨ ਦੋਹਾਂ ਆਗੂਆਂ ਨੇ ਇਨ੍ਹਾਂ ਖੇਤਰਾਂ ‘ਚ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹਾ ਗਿਆ ਉਕਤ ਵਿਸ਼ੇ ਦੋਹਾਂ ਦੇਸ਼ਾਂ ਲਈ ਸਾਂਝੀ ਚਿੰਤਾ ਦਾ ਵਿਸ਼ਾ ਹਨ | ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਜੋ ਬਾਈਡਨ ਵਲੋਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਦਾ ਦੌਰਾ ਕਰਨ ਵਾਲੇ ਜੈਸ਼ੰਕਰ ਭਾਰਤੀ ਮੰਤਰੀ ਮੰਡਲ ਦੇ ਪਹਿਲੇ ਮੰਤਰੀ ਹਨ, ਜਿਥੇ ਉਨ੍ਹਾਂ ਵਲੋਂ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਬਾਰੇ ਉਪਯੋਗੀ ਗੱਲਬਾਤ ਹੋਈ ਹੈ | ਇਸ ਦੌਰਾਨ ਭਾਰਤ-ਅਮਰੀਕਾ ਕੋਰੋਨਾ ਰੋਕੂ ਟੀਕਾਕਰਨ ਭਾਈਵਾਲੀ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਤਾਂ ਜੋ ਵਿਸ਼ਵ ‘ਚ ਵੈਕਸੀਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਵੀ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਦੋਹਾਂ ਆਗੂਆਂ ਵਲੋਂ ਸਾਂਝੀਆਂ ਤਰਜੀਹਾਂ ਤੇ ਖੇਤਰੀ ਸੁਰੱਖਿਆ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਆਸਟਿਨ ਨੇ ਦੱਸਿਆ ਕਿ ਉਹ ਇਸ ਸਾਲ ਦੇ ਅੰਤ ‘ਚ 2+2 ਮੰਤਰੀ ਪੱਧਰੀ ਗੱਲਬਾਤ ਲਈ ਐਸ. ਜੈਸ਼ੰਕਰ ਤੇ ਆਪਣੇ ਹਮਰੁਤਬਾ ਰਾਜਨਾਥ ਸਿੰਘ ਦੀ ਮੇਜ਼ਬਾਨੀ ਕਰਨ ਲਈ ਵੀ ਉਤਸਕ ਹਨ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਕੌਮਾਂਤਰੀ ਵਿਕਾਸ ਬਾਰੇ ਅਮਰੀਕਾ ਦੀ ਏਜੰਸੀ (ਯੂ.ਐਸ.ਏ.ਆਈ.ਡੀ.) ਦੀ ਮੁਖੀ ਸੋਮੰਨਥਾ ਪਾਵਰ ਨਾਲ ਵੀ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਦੋਹਾਂ ਆਗੂਆਂ ਵਲੋਂ ਕੋਰੋਨਾ ਕਾਲ ਦੌਰਾਨ ਵਿਕਾਸ ਤੇ ਮਾਨਵਤਾਵਾਦੀ ਸਹਾਇਤਾ ਲਈ ਸਾਂਝੀਆਂ ਤਰਜੀਹਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ |


Share