ਭਾਰਤ-ਅਮਰੀਕਾ ਤੇ ਕੁਆਡ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਉੱਚ ਅਧਿਕਾਰੀ ਕੰਮ ਕਰਨਗੇ : ਵਾਈਟ ਹਾਊਸ

330
Share

ਸੈਕਰਾਮੈਂਟੋ, 12 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਤੇ ਕੁਆਡ ਦੇ ਆਸਟ੍ਰੇਲੀਆ ਤੇ ਜਪਾਨ ਦੇ ਆਗੂਆਂ ਵਿਚਾਲੇ ਹੋਈ ਮੀਟਿੰਗ ’ਚ ਤੈਅ ਕੀਤੀ ਕਾਰਜ ਪ੍ਰਣਾਲੀ ਅਨੁਸਾਰ ਸਹਿਯੋਗ ਵਧਾਉਣ ਲਈ ਉੱਚ ਪੱਧਰ ਦੇ ਅਧਿਕਾਰੀ ਕੰਮ ਕਰਨਗੇ। ਪ੍ਰੈੱਸ ਸਕੱਤਰ ਨੇ ਕਿਹਾ ਕਿ ‘ਇਸ ਵੇਲੇ ਸਾਡਾ ਧਿਆਨ ਉੱਚ ਪੱਧਰ ਦੇ ਵਾਰਤਾਕਾਰਾਂ ਰਾਹੀਂ ਕੰਮ ਨੂੰ ਜਾਰੀ ਰੱਖਣ ਵੱਲ ਹੈ। ਇਹ ਵਾਰਤਾਕਾਰ ਵਿਦੇਸ਼ ਮੰਤਰੀ, ਵਿਦੇਸ਼ ਵਿਭਾਗ ਜਾਂ ਸਾਡੀ ਕੌਮੀ ਸੁਰੱਖਿਆ ਟੀਮ ਵਿਚੋਂ ਹੋ ਸਕਦੇ ਹਨ। ਇਹ ਵਾਰਤਾਕਾਰ ਆਰਥਿਕ ਸੁਰੱਖਿਆ, ਕੌਮੀ ਸੁਰੱਖਿਆ, ਕੋਵਿਡ ਉਪਰ ਕਾਬੂ ਪਾਉਣ ਸਮੇਤ ਹੋਰ ਮੁੱਦਿਆਂ ’ਤੇ ਗੱਲਬਾਤ ਨੂੰ ਕਿਸ ਤਰ੍ਹਾਂ ਅੱਗੇ ਜਾਰੀ ਰੱਖਿਆ ਜਾ ਸਕਦਾ ਹੈ, ਬਾਰੇ ਕੰਮ ਕਰਨਗੇ।’ ਵਾਈਟ ਹਾਊਸ ਵਿਚ ਰੋਜ਼ਾਨਾ ਦੀ ਗੱਲਬਾਤ ਦੌਰਾਨ ਭਾਰਤ ਤੇ ਅਮਰੀਕਾ ਦੇ ਅਧਿਕਾਰੀਆਂ ਵਿਚਾਲੇ ਹੋਈਆਂ ਮੀਟਿੰਗਾਂ ਤੇ ਹੋਣ ਵਾਲੀਆਂ ਮੀਟਿੰਗਾਂ ਸਬੰਧੀ ਪੁੱਛੇ ਇਕ ਪ੍ਰਸ਼ਨ ਦੇ ਉਤਰ ਵਿਚ ਜੇਨ ਪਸਾਕੀ ਨੇ ਕਿਹਾ ਕਿ ਦੁਪਾਸੜ ਮੀਟਿੰਗ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਤੇ ਤਤਕਾਲ ਜਪਾਨੀ ਆਗੂ ਯੋਸ਼ਿਹਿਡੇ ਸੂਗਾ ਨਾਲ ਹੋਇਆ ਕੁਆਡ ਸੰਮੇਲਨ ਆਪਸੀ ਰਿਸ਼ਤਿਆਂ ਤੇ ਭਾਈਵਾਲੀ ਬਾਰੇ ਵਿਚਾਰ-ਵਟਾਂਦਾਰਾ ਕਰਨ ਦਾ ਅਵਸਰ ਸੀ ਤੇ ਇਸ ਨੂੰ ਅੱਗੇ ਲਿਜਾਣ ਲਈ ਕੰਮ ਕੀਤਾ ਜਾਵੇਗਾ। ਪ੍ਰੈੱਸ ਸਕੱਤਰ ਨੇ ਕਿਹਾ ਕਿ ਹੇਠਲੇ ਪੱਧਰ ਉਪਰ ਵੀ ਕੰਮ ਜਾਰੀ ਰੱਖਿਆ ਜਾਵੇਗਾ ਪਰ ਆਉਣ ਵਾਲੇ ਹਫਤਿਆਂ ਤੇ ਮਹੀਨਿਆਂ ਦੌਰਾਨ ਗੱਲਬਾਤ ਉੱਚ ਪੱਧਰ ’ਤੇ ਹੋਵੇਗੀ। ਇਸੇ ਦੌਰਾਨ ਪੈਂਟਾਗਨ ਨੇ ਕਿਹਾ ਹੈ ਕਿ ਭਾਰਤ ਦੇ ਰੱਖਿਆ ਸਕੱਤਰ ਅਜੇ ਕੁਮਾਰ ਤੇ ਅਮਰੀਕਾ ਦੇ ਰੱਖਿਆ ਨੀਤੀ ਬਾਰੇ ਅੰਡਰ ਸਕੱਤਰ ਕੋਲਿਨ ਕਾਹਲ ਵਿਚਾਲੇ 8 ਅਕਤੂਬਰ ਨੂੰ ਮੀਟਿੰਗ ਹੋਈ ਸੀ, ਜਿਸ ਵਿਚ ਦੁਪਾਸੜ ਤਰਜੀਹਾਂ ਤੇ ਭਾਰਤੀ ਪ੍ਰਸ਼ਾਂਤ ਮਹਾਸਾਗਰ ਖੇਤਰ ’ਚ ਹੋਰ ਦੇਸ਼ਾਂ ਨਾਲ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸ ਤੋਂ ਇਲਾਵਾ ਡਿਪਟੀ ਵਿਦੇਸ਼ ਸਕੱਤਰ ਵੈਂਡੀ ਸ਼ਰਮਨ ਨੇ 6 ਅਕਤੂਬਰ ਨੂੰ ਨਵੀਂ ਦਿੱਲੀ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼ਰਿੰਗਲਾ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਸੁਰੱਖਿਆ ਤੇ ਵਪਾਰ ਖੇਤਰ ਵਿਚ ਵਧ ਰਹੇ ਸਹਿਯੋਗ ਤੇ ਕੋਵਿਡ ਵੈਕਸੀਨ ਸਬੰਧੀ ਮੁੱਦਿਆਂ ਉਪਰ ਚਰਚਾ ਹੋਈ ਸੀ।

Share