ਭਾਰਤ ਅਤੇ ਚੀਨ ਵੱਲੋਂ ਸ਼ਾਂਤੀਪੂਰਵਕ ਹੱਲ ਕਰਨ ਲਈ ਸਹਿਮਤੀ

817
Share

ਨਵੀਂ ਦਿੱਲੀ, 7 ਜੂਨ (ਪੰਜਾਬ ਮੇਲ)- ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਨੇ ਪੂਰਬੀ ਲੱਦਾਖ ਵਿਚ ਮੌਜੂਦਾ ਸਰਹੱਦੀ ਮਸਲੇ ਨੂੰ ਦੁਵੱਲੇ ਸਮਝੌਤੇ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਦਰਮਿਆਨ ਹੋਏ ਸਮਝੌਤੇ ਅਨੁਸਾਰ ਸ਼ਾਂਤੀਪੂਰਵਕ ਹੱਲ ਕਰਨ ਲਈ ਸਹਿਮਤੀ ਦਿੱਤੀ ਹੈ। ਪੂਰਬੀ ਲੱਦਾਖ ਵਿੱਚ ਮਹੀਨੇ ਤੋਂ ਚੱਲ ਰਹੇ ਤਣਾਅ ਨੂੰ ਖਤਮ ਕਰਨ ਲਈ ਦੋਵਾਂ ਧਿਰਾਂ ਨੇ ਬੀਤੇ ਦਿਨ ਉੱਚ ਪੱਧਰੀ ਫੌਜੀ ਗੱਲਬਾਤ ਕੀਤੀ।ਵਿਦੇਸ਼ ਮੰਤਰਾਲੇ ਨੇ ਸੰਖੇਪ ਬਿਆਨ ਵਿੱਚ ਕਿਹਾ, “ਦੋਵੇਂ ਧਿਰਾਂ ਨੇ ਵੱਖ-ਵੱਖ ਦੁਵੱਲੇ ਸਮਝੌਤਿਆਂ ਅਤੇ ਨੇਤਾਵਾਂ ਵਿਚਕਾਰ ਹੋਏ ਸਮਝੌਤੇ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਂਤੀਪੂਰਨ ਢੰਗ ਨਾਲ ਸਥਿਤੀ ਨਾਲ ਨਜਿੱਠਣ ਲਈ ਸਹਿਮਤੀ ਦਿੱਤੀ ਹੈ।” ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਦੁਵੱਲੇ ਸਬੰਧਾਂ ਦੇ ਸਰਬਪੱਖੀ ਵਿਕਾਸ ਲਈ ਭਾਰਤ-ਚੀਨ ਸਰਹੱਦੀ ਖੇਤਰ ਵਿਚ ਸ਼ਾਂਤੀ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਦੋਵਾਂ ਧਿਰਾਂ ਨੇ ਮੰਨਿਆ ਹੈ ਕਿ ਇਹ ਸਾਲ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧ ਸਥਾਪਤ ਕਰਨ ਦੀ 70ਵੀਂ ਵਰ੍ਹੇਗੰਢ ਦਾ ਹੈ ਅਤੇ ਉਨ੍ਹਾਂ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਇਸ ਮੁੱਦੇ ਦੇ ਤੁਰੰਤ ਹੱਲ ਹੋਣ ਨਾਲ ਸਬੰਧਾਂ ਨੂੰ ਹੋਰ ਅੱਗੇ ਵਧਾਇਆ ਜਾਵੇ।” “ਨਤੀਜੇ ਵਜੋਂ, ਦੋਵੇਂ ਪੱਖ ਸਥਿਤੀ ਨੂੰ ਸੁਲਝਾਉਣ ਅਤੇ ਸਰਹੱਦੀ ਖੇਤਰ ਵਿਚ ਸ਼ਾਂਤੀ ਯਕੀਨੀ ਬਣਾਉਣ ਲਈ ਫੌਜੀ ਅਤੇ ਕੂਟਨੀਤਕ ਗੱਲਬਾਤ ਜਾਰੀ ਰੱਖਣਗੇ।”


Share