ਭਾਰਤੀ ਰੱਖਿਆ ਅਧਿਕਾਰੀ ਹੁਣ ਬਿਨਾਂ ਰੋਕ-ਟੋਕ ਜਾ ਸਕਦੇ ਨੇ ਪੈਂਟਾਗਨ

55
Share

* ਭਾਰਤ ਨਾਲ ਵਧਦੇ ਸਹਿਯੋਗ ਤੇ ਭਰੋਸੇ ਦਾ ਪ੍ਰਤੀਕ ਹੈ ਇਹ ਕਦਮ
ਵਾਸ਼ਿੰਗਟਨ, 18 ਅਗਸਤ (ਪੰਜਾਬ ਮੇਲ)-ਅਮਰੀਕੀ ਹਵਾਈ ਫ਼ੌਜ ਦੇ ਸਕੱਤਰ ਫ੍ਰੈਂਕ ਕੇਂਡਾਲ ਨੇ ਕਿਹਾ ਹੈ ਕਿ ਭਾਰਤੀ ਰੱਖਿਆ ਅਧਿਕਾਰੀ ਹੁਣ ਬਿਨਾਂ ਰੋਕ-ਟੋਕ ਪੈਂਟਾਗਨ ਜਾ ਸਕਦੇ ਹਨ। ਇਹ ਕਦਮ ਭਾਰਤ ਦੇ ਨਾਲ ਅਮਰੀਕਾ ਦੇ ਵਧਦੇ ਸਹਿਯੋਗ ਤੇ ਭਰੋਸੇ ਦਾ ਪ੍ਰਤੀਕ ਹੈ।
ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਇੰਡੀਆ ਹਾਊਸ ’ਚ ਆਜ਼ਾਦੀ ਦਿਹਾੜੇ ’ਤੇ ਹੋਏ ਖਾਣੇ ’ਚ ਕੇਂਡਾਲ ਨੇ ਕਿਹਾ, ‘ਭਾਰਤ ਰੱਖਿਆ ਅਤਾਸ਼ੇ (ਡਿਫੈਂਸ ਅਟੈਚੇ) ਟੀਮ ਹੁਣ ਬਿਨਾਂ ਰੋਕ-ਟੋਕ ਪੈਂਟਾਗਨ ਜਾ ਸਕਦੀ ਹੈ। ਇਹ ਅਹਿਮ ਰੱਖਿਆ ਭਾਈਵਾਲ ਦੇ ਤੌਰ ’ਤੇ ਭਾਰਤ ਨਾਲ ਸਾਡੇ ਸਬੰਧਾਂ ਦੀ ਸ਼ੁਰੂਆਤ ਹੈ।’ ਰੱਖਿਆ ਅਤਾਸ਼ੇ ਆਮ ਤੌਰ ’ਤੇ ਕੂਟਨੀਤਿਕ ਮਿਸ਼ਨ ’ਚ ਤਾਇਨਾਤ ਰੱਖਿਆ ਅਧਿਕਾਰੀ ਹੁੰਦੇ ਹਨ।
ਕੇਂਡਾਲ ਨੇ ਕਿਹਾ, ‘‘ਤੁਹਾਨੂੰ ਜੇਕਰ ਨਹੀਂ ਲੱਗਦਾ ਕਿ ਪੈਂਟਾਗਨ ਤਕ ਬੇਰੋਕ-ਟੋਕ (ਅਨਐਸਕਾਰਟ) ਪਹੁੰਚ ਵੱਡੀ ਗੱਲ ਹੈ, ਤਾਂ ਦੱਸਦਿਆਂ ਕਿ ਮੈਂ ਵੀ ਪੈਂਟਾਗਨ ’ਚ ਐਸਕਾਰਟ ਦੇ ਬਿਨਾਂ ਨਹੀਂ ਜਾ ਸਕਦਾ।’’ ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ’ਚ ਦਾਖਲੇ ਦੀ ਇਜਾਜ਼ਤ ਲੈਣਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ। ਅਮਰੀਕੀ ਨਾਗਰਿਕ ਵੀ ਉੱਚ ਪੱਧਰੀ ਸੁਰੱਖਿਆ ਮਨਜ਼ੂਰੀ ਦੇ ਬਿਨਾਂ ਉੱਥੇ ਨਹੀਂ ਜਾ ਸਕਦੇ।
ਓਬਾਮਾ ਪ੍ਰਸ਼ਾਸਨ ’ਚ ਭਾਰਤੀ ਮੁੱਦਿਆਂ ’ਤੇ ਕੰਮ ਕਰ ਚੁੱਕੇ ਕੇਂਡਾਲ ਨੇ ਕਿਹਾ, ‘‘ਉਦੋਂ ਤੋਂ ਇੱਛਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਦੇ ਖੇਤਰ ’ਚ ਸਬੰਧ ਮਜ਼ਬੂਤ ਹੋਣ। ਭਾਰਤ ਉਹ ਦੇਸ਼ ਹੈ, ਜਿਸਦੇ ਨਾਲ ਅਸੀਂ ਕਿਸੇ ਹੋਰ ਦੇ ਮੁਕਾਬਲੇ ਜ਼ਿਆਦਾ ਸਾਂਝਾ ਅਭਿਆਸ ਕਰਦੇ ਹਾਂ। ਸਾਡੇ ਵਿਚ ਕਰੀਬੀ ਸਬੰਧ ਹਨ। ਸਮੇਂ ਦੇ ਨਾਲ ਅਸੀਂ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ।’’ ਕੇਂਡਾਲ ਨੇ ਕਿਹਾ ਕਿ ਪਿਛਲੇ ਸਾਲਾਂ ’ਚ ‘ਦਿ ਡਿਫੈਂਸ ਟ੍ਰੇਡ ਐਂਡ ਟੈਕਨਾਲੋਜੀ’ ਸਬੰਧੀ ਪਹਿਲ ਮਜ਼ਬੂਤ ਹੋਈ ਹੈ।
ਅਮਰੀਕੀ ਅਧਿਕਾਰੀ ਨੇ ਕਿਹਾ, ‘‘ਅਸੀਂ ਪਿਛਲੇ ਹੀ ਸਾਲ ਚਾਲਕ-ਰਹਿਤ ਜਹਾਜ਼ (ਯੂ. ਏ. ਵੀ.) ਲਈ ਨਵਾਂ ਸਹਿਯੋਗ ਪ੍ਰੋਗਰਾਮ ਸ਼ੁਰੂ ਕੀਤਾ ਹੈ। ਅਸੀਂ ਕਈ ਪ੍ਰੋਗਰਾਮਾਂ ਲਈ ਟੈਕਨਾਲੋਜੀ ਸਾਂਝੀ ਕਰਨ ਤੇ ਨਾਲ ਕੰਮ ਕਰਨ ’ਚ ਸਮਰੱਥ ਹਾਂ। ਇਹ ਇਕ ਸ਼ਾਨਦਾਰ ਯਾਤਰਾ ਹੈ ਤੇ ਮੈਨੂੰ ਭਰੋਸਾ ਹੈ ਕਿ ਅੱਗੇ ਵੀ ਜਾਰੀ ਰਹੇਗੀ।’’

Share