ਭਾਰਤੀ ਮੂਲ ਦੇ ਸਿੱਖ ਆਗੂ ਰਵੀ ਭੱਲਾ ਹੋਬੋਕਨ ਸ਼ਹਿਰ ਦੇ ਮੁੜ ਨਿਰਵਿਰੋਧ ਮੇਅਰ ਚੁਣੇ ਗਏ

309
ਰਵੀ ਭੱਲਾ ਆਪਣੀ ਪਤਨੀ ਨਵਨੀਤ ਤੇ ਦੋ ਬੱਚਿਆਂ ਨਾਲ
Share

ਸੈਕਰਾਮੈਂਟੋ, 6 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਰਵੀ ਭੱਲਾ ਉਰਫ ਰਵਿੰਦਰ ਸਿੰਘ ਭੱਲਾ ਦੂਸਰੀ ਵਾਰ ਹੋਬੋਕਨ (ਨਿਊਜਰਸੀ) ਦੇ ਨਿਰਵਿਰੋਧ ਮੇਅਰ ਚੁਣੇ ਗਏ ਹਨ। ਭੱਲਾ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਸਿੱਖ ਹਨ ਜੋ ਨਿਊਜਰਸੀ ਦੇ ਸ਼ਹਿਰ ਹੋਬੋਕਨ ਦੇ ਦੂਸਰੀ ਵਾਰ ਨਿਰਵਿਰੋਧ ਮੇਅਰ ਦੇ ਅਹੁੱਦੇ ਲਈ ਚੁਣੇ ਗਏ ਹਨ। ਇਸ ਤੋਂ ਪਹਿਲਾਂ ਭੱਲਾ ਹੋਬੋਕਨ ਦੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। 2017 ਵਿਚ ਉਹ ਪਹਿਲੀ ਵਾਰ ਸਾਬਕਾ ਮੇਅਰ ਡਾਨ ਜ਼ਿਮਰ ਦੀ ਹਮਾਇਤ ਨਾਲ ਮੇਅਰ ਚੁਣੇ ਗਏ ਸਨ। ਉਨਾਂ ਦੇ ਨਾਲ ਉਨਾਂ ਦੇ ਤਿੰਨ ਸਾਥੀ ਜਿਮ ਡਾਇਲ, ਐਮਿਟੀ ਜਾਬੋਰ ਤੇ ਜੋਇ ਕੁਇਨਟਰੋ ਵੀ ਹੋਬੋਕਨ ਦੇ ਕੌਂਸਲਰ ਵਜੋਂ ਆਪਣੀਆਂ ਸੀਟਾਂ ਜਿੱਤਣ ਵਿੱਚ ਸਫਲ ਰਹੇ। ਇਥੇ ਜਿਕਰਯੋਗ ਹੈ ਕਿ ਭੱਲਾ ਨੇ ਕੌਂਸਲਰ ਵਜੋਂ ਸ਼ਹਿਰ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ। ਉਨਾਂ ਨੇ ਹਰਿਆਵਲ ਵਾਲੇ ਖੇਤਰ ਵਿਚ 8 ਏਕੜ ਦਾ ਵਾਧਾ ਕੀਤਾ। ਸ਼ਹਿਰ ਲਈ ਪਾਣੀ ਵਾਲੇ ਵੱਡੇ ਟੈਂਕਾਂ ਦਾ ਪ੍ਰਬੰਧ ਕੀਤਾ ਜਿਨਾਂ ਵਿਚ 5000 ਲੱਖ ਗੈਲਨ ਪਾਣੀ ਦਾ ਭੰਡਾਰ ਕੀਤਾ ਜਾ ਸਕਦਾ ਹੈ। ਬਾਰਿਸ਼ ਦਾ ਪਾਣੀ ਇਨਾਂ ਟੈਂਕਾਂ ਵਿਚ ਭਰਿਆ ਜਾਂਦਾ ਹੈ ਤੇ ਪਾਣੀ ਨੂੰ ਸਾਫ ਕਰਨ ਉਪਰੰਤ ਮੁੜ ਨਾਲ ਲੱਗਦੇ ਹਡਸਨ ਦਰਿਆ ਵਿਚ ਪਾ ਦਿੱਤਾ ਜਾਂਦਾ ਹੈ। ਭੱਲਾ ਨੇ ਦੱਸਿਆ ਕਿ ਅਸੀਂ ਸ਼ਹਿਰ ਨੂੰ ਹੜ ਦਾ ਮੁਕਾਬਲਾ ਕਰਨ ਦੇ ਸਮਰਥ ਬਣਾਇਆ ਹੈ।   ਹੋਬੋਕਨ ਸ਼ਹਿਰ ਦੀ ਕੁਲ ਆਬਾਦੀ 55000 ਹੈ ਤੇ ਇਹ ਸ਼ਹਿਰ ਮੈਨਹਟਨ, ਨਿਊਯਾਰਕ ਤੋਂ ਦਰਿਆ ਪਾਰ ਇਕ ਵਰਗ ਕਿਲੋਮੀਟਰ ਵਿਚ ਵੱਸਿਆ ਹੋਇਆ ਹੈ। ਭੱਲਾ ਆਪਣੀ ਪਤਨੀ ਨਵਨੀਤ ਜੋ ਮਨੁੱਖੀ ਹੱਕਾਂ ਬਾਰੇ ਵਕੀਲ ਹੈ, ਸਣੇ ਦੋ ਬੱਚਿਆਂ ਨਾਲ ਹੋਬੋਕਨ ਸ਼ਹਿਰ ਵਿਚ ਰਹਿ ਰਹੇ ਹਨ।


Share