ਭਾਰਤੀ ਮੂਲ ਦੇ ਦੋ ਅਮਰੀਕੀ ਤੇ ਇਕ ਨੇਪਾਲੀ ਪਰਿਵਾਰ ਤੂਫਾਨ ਤੇ ਹੜ ਦੀ ਭੇਂਟ ਚੜਿ੍ਹਆ

223
Share

ਸੈਕਰਾਮੈਂਟੋ, 8 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ’ਚ ਆਏ ਈਡਾ ਤੂਫਾਨ ਵਿਚ ਮਰਨ ਵਾਲਿਆਂ ਵਿਚ ਭਾਰਤੀ ਮੂਲ ਦੇ ਦੋ ਹੋਰ ਅਮਰੀਕੀ ਸ਼ਾਮਲ ਹਨ। ਇਕ ਨੇਪਾਲੀ ਪਰਿਵਾਰ ਦੇ ਤਿੰਨ ਜੀਅ ਵੀ ਤੂਫਾਨ ਦੀ ਭੇਂਟ ਚੜ੍ਹ ਗਏ। ਮਾਰੇ ਗਏ ਭਾਰਤੀ ਮੂਲ ਦੇ ਅਮਰੀਕੀਆਂ ਵਿਚ 43 ਸਾਲਾ ਫਾਮਤੀ ਰਾਮਸਕਰੀਤ ਤੇ ਉਸ ਦਾ 22 ਸਾਲਾਂ ਦਾ ਪੁੱਤਰ ਕ੍ਰਿਸ਼ ਸ਼ਾਮਿਲ ਹੈ। ਉਹ ਨਿਊਯਾਰਕ ਸ਼ਹਿਰ ’ਚ ਫਲੈਟ ਦੇ ਤਹਿਖਾਨੇ ਵਿਚ ਰਹਿੰਦੇ ਸਨ। ਇਕ ਸਤੰਬਰ ਨੂੰ ਇਕ ਦਮ ਆਏ ਹੜ੍ਹ ਕਾਰਨ ਤਹਿਖਾਨਾ ਪਾਣੀ ਨਾਲ ਭਰ ਗਿਆ ਤੇ ਉਨ੍ਹਾਂ ਨੂੰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਬਾਅਦ ਵਿਚ ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਕੱਢੀਆਂ। ਫਲੈਟ ਦੇ ਮਾਲਕ ਰਾਗੇਂਦਰ ਸ਼ਿਵਪ੍ਰਸਾਦ ਨੇ ਦੱਸਿਆ ਕਿ ਉਸ ਨੇ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਰਾਮਸਕਰੀਤ ਨੂੰ ਸੰਭਾਵੀ ਖਤਰੇ ਤੋਂ ਸੁਚੇਤ ਕੀਤਾ ਸੀ ਤੇ ਕਿਹਾ ਸੀ ਕਿ ਉਹ ਤਹਿਖਾਨੇ ਵਿਚੋਂ ਬਾਹਰ ਆ ਜਾਣ। ਰਾਮਸਕਰੀਤ ਦੇ ਪਤੀ ਦਾਮੇਸ਼ਵਰ ਤੇ ਉਸ ਦਾ ਦੂਸਰਾ ਪੁੱਤਰ ਡਿਲਨ ਕਿਸੇ ਤਰ੍ਹਾਂ ਆਪਣਾ ਬਚਾਅ ਕਰਨ ’ਚ ਸਫਲ ਹੋ ਗਏ। ਮਾਰਿਆ ਗਿਆ ਨੇਪਾਲੀ ਪਰਿਵਾਰ ਵੀ ਤਹਿਖਾਨੇ ਵਿਚ ਰਹਿੰਦਾ ਸੀ। ਮਾਰੇ ਗਏ ਨੇਪਾਲੀ ਪਰਿਵਾਰ ’ਚ 48 ਸਾਲਾ ਮਿੰਗਮਾ ਸ਼ੇਰਪਾ, 52 ਸਾਲਾ ਆਂਗ ਗੈਲੂ ਲਾਮਾ ਤੇ ਉਨ੍ਹਾਂ ਦਾ 2 ਸਾਲ ਦਾ ਪੁੱਤਰ ਲੋਬਸੰਗ ਲਾਮਾ ਸ਼ਾਮਿਲ ਹੈ। ਲਾਮਾ ਪਰਿਵਾਰ ਦੇ ਗੁਆਂਢੀ ਦੇਬੋਰਾਹ ਟੋਰਸ ਅਨੁਸਾਰ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਮਿੰਟਾਂ ਵਿਚ ਹੀ ਦੂਸਰੀ ਮੰਜ਼ਿਲ ’ਤੇ ਪਾਣੀ ਗੋਡਿਆਂ ਤੱਕ ਪਹੁੰਚ ਗਿਆ ਸੀ। ਤਹਿਖਾਨੇ ਵਿਚ ਰਹਿੰਦੇ ਨੇਪਾਲੀ ਪਰਿਵਾਰ ਨੂੰ ਬਾਹਰ ਆਉਣ ਦਾ ਮੌਕਾ ਹੀ ਨਹੀਂ ਮਿਲਿਆ।


Share