ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਅਮਰੀਕੀ ਰਾਸ਼ਟਰਪਤੀ ਦੇ ਸਰਜਨ ਜਨਰਲ ਨਿਯੁਕਤ

410
Share

ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਅਮਰੀਕਾ ’ਚ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋਅ ਬਾਇਡਨ ਦਾ ਸਰਜਨ ਜਨਰਲ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਸੈਨੇਟ ਨੇ ਇਸ ਦੇ ਪੱਖ ਵਿਚ 57-43 ਨਾਲ ਵੋਟ ਦੇ ਕੇ ਇਸ ’ਤੇ ਮੁਹਰ ਲਗਾਈ। ਵਿਵੇਕ ਮੂਰਤੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਸਿਹਤਮੰਦ ਬਣਾਉਣ ਅਤੇ ਸਾਡੇ ਬੱਚਿਆਂ ਲਈ ਬਿਹਤਰ ਭਵਿੱਖ ਬਣਾਉਣ ਵਿਚ ਮਦਦ ਕਰਨ ਲਈ ਮੈਂ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ।
ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਅਤੇ ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ ਨੂੰ ਆਪਣੇ ਸਰਜਨ ਦੇ ਤੌਰ ’ਤੇ ਚੁਣਿਆ ਸੀ। ਇਸ ਦੇ ਇਲਾਵਾ ਡਾਕਟਰ ਐਨਥਨੀ ਨੂੰ ਕੋਵਿਡ-19 ’ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਦੇ ਰੂਪ ’ਚ ਨਾਮਜ਼ਦ ਕੀਤਾ ਗਿਆ ਸੀ। ਜਦਕਿ ਡਾਕਟਰ ਰੋਸ਼ੇਲ ਵਾਲੇਂਸਕੀ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਅਤੇ ਡਾਕਟਰ ਮਾਰਸੇਲਾ ਨੁੰਜ-ਸਮਿਥ ਨੂੰ ‘ਕੋਵਿਡ-19 ਇਕਵਟੀ ਟਾਸਕ ਫੋਰਸ’ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ।
ਮੂਲ ਰੂਪ ਨਾਲ ਕਰਨਾਟਕ ਨਾਲ ਸੰਬੰਧ ਰੱਖਣ ਵਾਲੇ ਮੂਰਤੀ (43) ਨੂੰ 2014 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦਾ 19ਵਾਂ ਸਰਜਨ ਜਨਰਲ ਨਿਯੁਕਤ ਕੀਤਾ ਸੀ। ਬਿ੍ਰਟੇਨ ਵਿਚ ਪੈਦਾ ਹੋਏ ਮੂਰਤੀ 37 ਸਾਲ ਦੀ ਉਮਰ ਵਿਚ ਉਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਸਨ। ਬਾਅਦ ਵਿਚ ਟਰੰਪ ਪ੍ਰਸ਼ਾਸਨ ਦੌਰਾਨ ਉਨ੍ਹਾਂ ਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

Share