ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ‘ਵਾਲੰਟੀਅਰ ਆਫ ਦਾ ਯੀਅਰ’ ਪੁਰਸਕਾਰ ਨਾਲ ਸਨਮਾਨ

410
ਡਾ. ਮਦਾਨ ਲੂਥਰਾ
Share

ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ਵਾਸੀ ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੁਆਰਾ ‘ਵਾਲੰਟੀਅਰ ਆਫ ਦਾ ਯੀਅਰ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਸੇਵਾ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਸ਼ਾਨਦਾਰ ਸਮਾਜਿਕ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਹੈ। ਇਸ ਸਬੰਧੀ ਹੋਏ ਸਮਾਗਮ ‘ਗਵਰਨਰ ਵਾਲੰਟੀਅਰ ਐਵਾਰਡ 2021’ ਦੀ ਪ੍ਰਧਾਨਗੀ ਟੈਕਸਾਸ ਦੀ ਫਸਟ ਲੇਡੀ ਸੇਸੀਲੀਆ ਅਬੋਟ ਨੇ ਕੀਤੀ। ਹਰ ਸਾਲ ਦਿੱਤੇ ਜਾਂਦੇ ਇਸ ਪੁਰਸਕਾਰ ਦਾ ਇਹ 38ਵਾਂ ਸਮਾਗਮ ਸੀ। ਪੁਰਸਕਾਰ ਜੇਤੂ ਦਾ ਐਲਾਨ 12 ਅਕਤੂਬਰ ਨੂੰ ਕੀਤਾ ਗਿਆ ਸੀ। ਇਸ ਮੌਕੇ ਸੇਸੀਲੀਆ ਅਬੋਟ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਪੁਰਸਕਾਰ ਪਿਛਲੇ ਸਾਲ ਵਿਅਕਤੀਗਤ ਜਾਂ ਸੰਗਠਨਾਤਮਕ ਤੌਰ ’ਤੇ ਟੈਕਸਾਸ ਵਿਚ ਰਹਿੰਦੇ ਲੋਕਾਂ ਲਈ ਮਿਸਾਲੀ ਸੇਵਾ ਪ੍ਰਦਾਨ ਕਰਨ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੁਰਸਕਾਰਾਂ ਨਾਲ ਹੋਰ ਲੋਕਾਂ ’ਚ ਭਾਈਚਾਰੇ ਪ੍ਰਤੀ ਸੇਵਾਵਾਂ ਨਿਭਾਉਣ ਦੀ ਇੱਛਾ ਪੈਦਾ ਹੁੰਦੀ ਹੈ। ਪੁਰਸਕਾਰ ਦਾ ਸਮਾਜ ਉਪਰ ਬਹੁਤ ਸਾਕਾਰਾਤਮਕ ਅਸਰ ਪੈਂਦਾ ਹੈ। ਇਸ ਸਮਾਗਮ ’ਚ ਲੂਥਰਾ ਤੋਂ ਇਲਾਵਾ 8 ਹੋਰ ਵਿਅਕਤੀਆਂ ਤੇ 4 ਸੰਸਥਾਵਾਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ’ਚ ਸਨਮਾਨਿਤ ਕੀਤਾ ਗਿਆ। ਸੇਵਾ ਇੰਟਰਨੈਸ਼ਨਲ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਕੋਵਿਡ-19 ਮਹਾਮਾਰੀ ਦੌਰਾਨ ਡਾਕਟਰ ਲੂਥਰਾ ਜੋ ਸੇਵਾਮੁਕਤ ਵਿਗਿਆਨੀ ਹਨ, ਨੇ ‘ਪਰਿਵਾਰ ਸੇਵਾ ਪ੍ਰੋਗਰਾਮ’ ਤਹਿਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਇਕ ਹਫਤੇ ਦੌਰਾਨ ਨਿਰੰਤਰ 30 ਘੰਟਿਆਂ ਤੋਂ ਵਧ ਸਮਾਂ ਕੰਮ ਕੀਤਾ। ਡਾ. ਲੂਥਰਾ ਨੇ ਕੋਵਿਡ-19 ਟੀਕਾਕਰਣ ਮੁਹਿੰਮ ਵਿਚ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ।

Share