ਡੁਸੇਲਡੋਰਫ, 28 ਫਰਵਰੀ (ਪੰਜਾਬ ਮੇਲ)- ਜਰਮਨੀ ਦੀ ਮਹਿਲਾ ਹਾਕੀ ਟੀਮ ਨੇ ਭਾਰਤ ਨੂੰ ਅੱਜ 1-0 ਨਾਲ ਹਰਾ ਦਿੱਤਾ ਹੈ। ਅੱਜ ਦੀ ਜਿੱਤ ਨਾਲ ਜਰਮਨੀ ਲੜੀ ’ਚ 2-0 ਨਾਲ ਅੱਗੇ ਹੋ ਗਿਆ ਹੈ। ਉਸ ਨੇ ਪਹਿਲੇ ਮੈਚ ’ਚ ਭਾਰਤ ਨੂੰ 5-0 ਨਾਲ ਹਰਾਇਆ ਸੀ। ਜਰਮਨੀ ਵਲੋਂ ਅਮੇਲੀ ਵਾਟਰਮੈਨ ਨੇ 24ਵੇਂ ਮਿੰਟ ਵਿਚ ਗੋਲ ਕੀਤਾ, ਜਦਕਿ ਭਾਰਤ ਨੂੰ ਇਸ ਦੇ ਤਿੰਨ ਮਿੰਟ ਬਾਅਦ ਪੈਨਲਟੀ ਕਾਰਨਰ ਮਿਲਿਆ, ਜਿਸ ਦਾ ਭਾਰਤੀ ਟੀਮ ਫਾਇਦਾ ਨਹੀਂ ਉਠਾ ਸਕੀ। ਦੋਵੇਂ ਟੀਮਾਂ ਦਰਮਿਆਨ ਤੀਜਾ ਮੈਚ 2 ਮਾਰਚ ਨੂੰ ਖੇਡਿਆ ਜਾਵੇਗਾ।