ਭਾਰਤੀ ਦਵਾਈ ਕੰਪਨੀ ਨੂੰ ਪੰਜ ਕਰੋੜ ਡਾਲਰ ਦਾ ਜੁਰਮਾਨਾ

178
Share

ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਦਵਾਈ ਨਿਰਮਾਤਾ ਕੰਪਨੀ ਨੂੰ ਰਿਕਾਰਡ ਲੁਕਾਉਣ ਤੇ ਨਸ਼ਟ ਕਰਨ ਦਾ ਦੋਸ਼ੀ ਮੰਨਦਿਆਂ ਪੰਜ ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਅਸਲ ‘ਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਉਸ ਥਾਂ ਦਾ ਨਿਰੀਖਣ ਕਰਦਾ ਹੈ ਜਿੱਥੇ ਇਸ ਨੂੰ ਬਣਾਇਆ ਜਾ ਰਿਹਾ ਹੈ। ਸਾਲ 2013 ‘ਚ ਐੱਫਡੀਏ ਦੀ ਟੀਮ ਨੇ ਮੈਨੂਫੈਕਚਰਿੰਗ ਪਲਾਂਟ ਦਾ ਨਿਰੀਖਣ ਤਾਂ ਕੀਤਾ ਪਰ ਇਸ ਦੌਰਾਨ ਕੰਪਨੀ ਨੇ ਨਾਂ ਸਿਰਫ਼ ਜ਼ਰੂਰੀ ਰਿਕਾਰਡ ਲੁਕਾਏ ਬਲਕਿ ਉਨ੍ਹਾਂ ਨੂੰ ਨਸ਼ਟ ਵੀ ਕੀਤਾ।

ਇਸ ਤੋਂ ਪਹਿਲਾਂ ਫ੍ਰੈਜੈਨੀਅਸ ਕਾਬੀ ਆਨਕੋਲਾਜੀ ਲਿਮਟਿਡ (ਐੱਫਕੇਓਐੱਲ) ਨੂੰ ਐੱਫਡੀਏ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਪਾਇਆ ਗਿਆ ਸੀ। ਜਾਂਚ ਦੌਰਾਨ ਕੰਪਨੀ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣ ‘ਚ ਨਾਕਾਮ ਰਹੀ ਸੀ। ਐੱਫਕੇਓਐੱਲ ਦਾ ਪੱਛਮੀ ਬੰਗਾਲ ਦੇ ਕਲਿਆਣੀ ‘ਚ ਮੈਨੂਫੈਕਚਰਿੰਗ ਪਲਾਂਟ ਹੈ। ਇੱਥੇ ਅਮਰੀਕਾ ‘ਚ ਵੇਚਣ ਲਈ ਕੈਂਸਰ ਨਾਲ ਜੁੜੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਕੰਪਨੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਕੰਪਨੀ ‘ਤੇ ਤਿੰਨ ਕਰੋੜ ਡਾਲਰ ਦਾ ਅਪਰਾਧਕ ਜੁਰਮਾਨਾ ਲਾਏ ਜਾਣ ਦੇ ਨਾਲ ਹੀ ਦੋ ਕਰੋੜ ਡਾਲਰ ਦਾ ਹੋਰ ਜੁਰਮਾਨਾ ਲਾਇਆ ਗਿਆ ਹੈ। ਜੱਜ ਨੇ ਕਿਹਾ ਕਿ ਦਵਾਈ ਨਿਰਮਾਣ ਨਾਲ ਜੁੜੇ ਰਿਕਾਰਡ ਨੂੰ ਲੁਕਾਉਣ ਤੇ ਨਸ਼ਟ ਕਰਨ ਨਾਲ ਐੱਫਕੇਓਐੱਲ ਨੇ ਨਾ-ਸਿਰਫ਼ ਐੱਫਡੀਏ ਦੇ ਨਿਯਮਾਂ ਦੀ ਉਲੰਘਣਾ ਕੀਤੀ ਬਲਕਿ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਨੂੰ ਵੀ ਖ਼ਤਰੇ ‘ਚ ਪਾਇਆ ਹੈ।


Share