ਭਾਰਤੀ ਕੈਨੇਡੀਅਨ ਡਾ. ਗੁਲਜ਼ਾਰ ਚੀਮਾ ਦੇ ਨਾਂ ’ਤੇ ਰੱਖਿਆ ਵਿਨੀਪੈਗ ਦੀ ਨਵੀਂ ਗਲੀ ਦਾ ਨਾਂ

387
Share

-ਡਾ. ਚੀਮਾ 1988 ’ਚ ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਲਈ ਚੁਣੇ ਗਏ ਸਨ
ਵਿਨੀਪੈਗ, 28 ਅਕਤੂਬਰ (ਪੰਜਾਬ ਮੇਲ)- ਵਿਨੀਪੈਗ ’ਚ ਇਕ ਨਵੀਂ ਵਿਕਸਿਤ ਗਲੀ ਦਾ ਨਾਂ ਸੂਬਾਈ ਵਿਧਾਨ ਸਭਾ ਲਈ ਚੁਣੇ ਗਏ ਪਹਿਲੇ ਭਾਰਤੀ ਮੂਲ ਦੇ ਕੈਨੇਡੀਅਨ ਦੇ ਨਾਂ ’ਤੇ ਰੱਖਿਆ ਗਿਆ ਹੈ। ਚੀਮਾ ਡਰਾਈਵ ਦਾ ਨਾਂ ਸੰਨ 1988 ਵਿਚ ਮੈਨੀਟੋਬਾ ਦੀ ਵਿਧਾਨ ਸਭਾ ਲਈ ਚੁਣੇ ਗਏ ਡਾ. ਗੁਲਜ਼ਾਰ ਚੀਮਾ ਦੇ ਨਾਂ ਤੋਂ ਲਿਆ ਗਿਆ ਹੈ। ਸ਼ਨੀਵਾਰ ਨੂੰ ਉੱਤਰੀ-ਪੱਛਮੀ ਵਿਨੀਪੈਗ ਵਿਚ ਨਵੇਂ ਨਾਂ ਵਾਲੀ ਗਲੀ ਦੇ ਉਦਘਾਟਨ ਮੌਕੇ ਬੀ.ਸੀ. ’ਚ ਹੁਣ ਫੈਮਿਲੀ ਮੈਡੀਸਨ ਦੀ ਪ੍ਰੈਕਟਿਸ ਕਰਦੇ ਡਾ. ਚੀਮਾ ਨੇ ਕਿਹਾ ਕਿ ਇਹ ਸੱਚਮੁੱਚ ਮਾਅਰਕੇ ਵਾਲੀ ਪ੍ਰਾਪਤੀ ਹੈ ਕਿ ਮੈਂ ਉਸ ਸ਼ਹਿਰ ਵਿਚ ਮੌਜੂਦ ਹਾਂ, ਜਿੱਥੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਅਸੀਂ ਕਦੇ ਵੀ ਇਸ ਜਗ੍ਹਾ ਨੂੰ ਨਹੀਂ ਭੁੱਲਾਂਗੇ। ਚੀਮਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੀ ਵਿਰਾਸਤ ਲੋਕਾਂ ਨੂੰ ਆਪਣੀਆਂ ਕਮਿਊਨਿਟੀਜ਼ ’ਚ ਸ਼ਾਮਲ ਹੋ ਕੇ ਉਨ੍ਹਾਂ ਦੀ ਭਲਾਈ ਦੇ ਨਾਲ-ਨਾਲ ਉਨ੍ਹਾਂ ਦਾ ਨਾਂ ਚਮਕਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਮੈਂ ਕੀਤਾ ਸੀ। ਮੈਂ ਸੋਚਦਾ ਹਾਂ ਕਿ ਐਥੇਨਿਕ ਕਮਿਊਨਿਟੀ ਤੋਂ ਲੋਕ ਆਪਣੇ ਸਰਬੋਤਮ ਸੰਭਵ ਪੱਧਰਾਂ ’ਤੇ ਪੁੱਜਦੇ ਹਨ ਕਿਉਂਕਿ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਉਹ ਇਹ ਕਰ ਸਕਦੇ ਹਨ। ਕਿਸੇ ਚੀਜ਼ ਦਾ ਹਿੱਸਾ ਬਣਨਾ ਮਹੱਤਵਪੂਰਨ ਹੁੰਦਾ ਹੈ। ਸੁਣੋ, ਇਮਾਨਦਾਰ ਬਣੋ, ਟੀਚਾ ਮਿੱਥ ਕੇ ਚੱਲੋ। ਕੌਂਸਲਰ ਦੇਵੀ ਸ਼ਰਮਾ (ਓਲਡ ਕਿਲਡੋਨਾਨ) ਨੇ ਕਿਹਾ ਕਿ ਚੀਮਾ ਦੇ ਸਨਮਾਨ ਸਮਾਰੋਹ ਮੌਕੇ ਵੱਖ-ਵੱਖ ਲੋਕਾਂ ਦਾ ਹਾਜ਼ਰ ਹੋਣਾ ਇਹ ਦਰਸਾਉਂਦਾ ਹੈ ਕਿ ਉਸ ਦਾ ਮੇਰੇ ਸਮੇਤ ਸਭ ਉੱਤੇ ਕਿੰਨਾ ਪ੍ਰਭਾਵ ਹੈ। ਸ਼ਰਮਾ ਨੇ ਚੇਤੇ ਕਰਦਿਆਂ ਦੱਸਿਆ ਕਿ ਜਦੋਂ ਮੈਂ ਹਾਈ ਸਕੂਲ ’ਚ ਪੜ੍ਹਦੀ ਸਾਂ, ਉਦੋਂ ਮੈਂ ਚੀਮਾ ਦੀ ਕੰਪੇਨ ਦੇਖੀ ਸੀ। ਮੈਂ ਸੋਚਦੀ ਹਾਂ ਕਿ ਉਹੀ ਪਲ ਸਨ ਜਿਨ੍ਹਾਂ ਨੇ ਚੀਮਾ ਨੂੰ ਮੇਰੇ ਰੋਲ ਮਾਡਲ ਬਣਾ ਦਿੱਤਾ। ਸ਼ਰਮਾ ਨੇ ਕਿਹਾ ਕਿ ਗਲੀ ਦਾ ਨਾਂ ਪੱਕਾ ਹੈ ਤੇ ਚਿਰ-ਸਥਾਈ ਹੈ। ਡੈਨਿਸ ਰੋਕਾਨ, ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਦੇ ਸਾਬਕਾ ਮੈਂਬਰ ਤੇ ਸਪੀਕਰ ਨੇ ਕਿਹਾ ਕਿ ਮੈਨੂੰ ਚੀਮਾ ਨਾਲ ਕੀਤੇ ਗਏ ਕੰਮ ਯਾਦ ਆ ਰਹੇ ਹਨ। ਉਸ ਵੇਲੇ ਇਕੱਲੀ ਫਰੈਂਚ ਬੋਲਦੇ ਐੱਮ.ਐੱਲ.ਏਜ਼ ਵਿਚੋਂ ਇਕ ਰੋਕਾਨ ਨੇ ਕਿਹਾ ਕਿ ਉਦੋਂ ਇਕੱਲਾ ਪੰਜਾਬੀ ਬੋਲਦਾ ਵਿਧਾਇਕ ਸਾਡਾ ਚੰਗਾ ਜੋਟੀਦਾਰ ਬਣ ਗਿਆ ਸੀ। ਚੀਮਾ ਵਿਨੀਪੈਗ ਦੀ ਮੈਪਲ ਰਾਈਡਿੰਗ ਵਿਚੋਂ ਪਹਿਲੀ ਵਾਰ ਐੱਮ.ਐੱਲ.ਏ. ਬਣੇ ਸਨ। ਮਗਰੋਂ ਉਹ ਬੀ.ਸੀ. ’ਚ ਰਹਿਣ ਲੱਗੇ ਸਨ, ਜਿੱਥੇ ਉਹ ਫਿਰ ਐੱਮ.ਐੱਲ.ਏ. ਦੀ ਚੋਣ ਜਿੱਤੇ, ਉੱਥੇ ਮੈਂਟਲ ਹੈਲਥ ਰਾਜ ਮੰਤਰੀ ਅਤੇ ਪਰਵਾਸ ਤੇ ਬਹੁ-ਸੱਭਿਆਚਾਰਕ ਸੇਵਾਵਾਂ ਦੇ ਰਾਜ ਮੰਤਰੀ ਵਜੋਂ ਸੇਵਾ ਨਿਭਾਈ।

Share