ਭਾਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਾਈਵੇਟ ਥਰਮਲ ਪਲਾਟਾਂ ਨੂੰ ਜਾਂਦੀਆਂ ਰੇਲ ਪਟੜੀਆਂ ‘ਤੇ ਧਰਨੇ ਸ਼ੁਰੂ ਕਰਨ ਦਾ ਐਲਾਨ

474
Share

-ਕੋਲਾ ਸਪਲਾਈ ਰੋਕਣ ਲਈ ਰੇਲ ਲਾਈਨਾਂ ‘ਤੇ ਧਰਨੇ ਲਾਉਣ ਦਾ ਫੈਸਲਾ
ਬਠਿੰਡਾ, 23 ਅਕਤੂਬਰ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਜਾਰੀ ਕਿਸਾਨ ਮੋਰਚੇ ਸਬੰਧੀ ਆਪਣੇ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਜਾਂਦੀਆਂ ਰੇਲ ਪਟੜੀਆਂ ‘ਤੇ ਧਰਨੇ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਮਾਨਸਾ ਜ਼ਿਲ੍ਹੇ ‘ਚ ਬਣਾਂ ਵਾਲਾ ਥਰਮਲ ਨੂੰ ਜਾਂਦੀ ਰੇਲ ਪਟੜੀ ‘ਤੇ ਅੱਜ ਹੀ ਧਰਨਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਰਾਜਪੁਰਾ ਥਰਮਲ ਦੀ ਕੋਲਾ ਸਪਲਾਈ ਵੀ ਜਲਦੀ ਠੱਪ ਕੀਤੀ ਜਾ ਰਹੀ ਹੈ। ਜਥੇਬੰਦੀ ਨੇ ਨਿਰਣਾ ਕੀਤਾ ਹੈ ਕਿ ਸਰਕਾਰੀ ਥਰਮਲਾਂ ਦੀ ਕੋਲਾ ਸਪਲਾਈ ਜਾਰੀ ਰਹੇਗੀ, ਪਰ ਨਿੱਜੀ ਕੰਪਨੀਆਂ ਨੂੰ ਇਸ ਦੀ ਇਜਾਜ਼ਤ ਨਹੀਂ ਹੋਵੇਗੀ।
ਇਨ੍ਹਾਂ ਅਹਿਮ ਫੈਸਲਿਆਂ ਦੀ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਇਥੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨ ਸੰਗਠਨਾਂ ਵੱਲੋਂ 5 ਨਵੰਬਰ ਦੇ ‘ਦੇਸ਼ ਵਿਆਪੀ ਚੱਕਾ ਜਾਮ’ ਨੂੰ ਜਥੇਬੰਦੀ ਆਪਣੇ ‘ਆਜ਼ਾਦ ਐਕਸ਼ਨ’ ਰਾਹੀਂ ਸਫ਼ਲ ਬਣਾਵੇਗੀ। ਉਨ੍ਹਾਂ ਇਸ ਐਕਸ਼ਨ ਦਾ ਬਿਹਾਰ ਦੀਆਂ ਚੋਣਾਂ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ। ਆਗੂਆਂ ਨੇ ਖੁਲਾਸਾ ਕੀਤਾ ਕਿ ਐੱਸਾਰ ਕੰਪਨੀ ਦੇ ਪੈਟਰੋਲ ਪੰਪ ਦੇ ਡੀਲਰਾਂ ਵੱਲੋਂ ਜਥੇਬੰਦੀ ਨੂੰ ਲਿਖ਼ਿਆ ਇਕ ਪੱਤਰ ਮਿਲਿਆ ਹੈ। ਪੱਤਰ ਵਿਚ ਧਰਨਿਆਂ ਕਾਰਨ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਹੈ। ਆਗੂਆਂ ਕਿਹਾ ਕਿ 24 ਅਕਤੂਬਰ ਨੂੰ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ‘ਚ ਇਹ ਮਸਲਾ ਵਿਚਾਰ ਕੇ ਭਵਿੱਖੀ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ 25 ਅਕਤੂਬਰ ਨੂੰ ਦਸਹਿਰੇ ਮੌਕੇ ਪੰਜਾਬ ਦੇ 14 ਜ਼ਿਲ੍ਹਿਆਂ ‘ਚ 41 ਵੱਖ-ਵੱਖ ਥਾਵਾਂ ‘ਤੇ ਭਾਜਪਾ, ਕਾਰਪੋਰੇਟਾਂ ਅਤੇ ਵਿਦੇਸ਼ੀ ਕੰਪਨੀਆਂ ਦੀ ਤਿੱਕੜੀ ਦੇ ਦਿਓ-ਕੱਦ ਪੁਤਲੇ ਅਗਨਦਾਹ ਕਰਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਇਸ ਕਾਰਵਾਈ ਲਈ ਲੋਕਾਂ ‘ਚ ਭਾਰੀ ਉਤਸ਼ਾਹ ਅਤੇ ਸਮਰਥਨ ਮਿਲ ਰਿਹਾ ਹੈ। ਪ੍ਰੈੱਸ ਸੰਮੇਲਨ ‘ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੀ ਮੌਜੂਦ ਸਨ। ਗੌਰਤਲਬ ਹੈ ਕਿ 21 ਅਕਤੂਬਰ ਨੂੰ ਚੰਡੀਗੜ੍ਹ ‘ਚ ਹੋਈ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ‘ਚ ਪੰਜਾਬ ਵਿਚਲੇ ਥਰਮਲਾਂ ਦੀ ਕੋਲਾ ਸਪਲਾਈ ਸਮੇਤ ਮਾਲ ਗੱਡੀਆਂ ‘ਤੇ ਹੁੰਦੀ ਹਰ ਕਿਸਮ ਦੀ ਢੋਆ-ਢੁਆਈ ਤੋਂ ਰੋਕ ਹਟਾਉਣ ਬਾਰੇ ਫੈਸਲਾ ਹੋਇਆ ਸੀ


Share