ਭਾਰਤੀ ਕਬਜੇ ਹੇਠਲੇ ਪੰਜਾਬ ਦੀ ਕਿਰਸਾਨੀ ਦੀ ਹਾਲਤ ਨੂੰ ਖਾਲਸਾ ਪੰਥ ”ਸਿੱਖ-ਨਸਲਕੁਸ਼ੀ” ਦੇ ਤੌਰ ‘ਤੇ ਸਮਝੇ : ਏ.ਜੀ.ਪੀ.ਸੀ.

755
Share

ਸਾਨ ਫਰਾਂਸਿਸਕੋ, 23 ਸੰਤਬਰ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਇਸਟ ਕੋਸਟ ਨਿਊਯਾਰਕ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਭਾਰਤ ਸਰਕਾਰ ਦੀ ਸਖਤ ਨੁਕਤਾਚੀਨੀ ਕਰਦਿਆਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੀ ਸਿੱਖ ਕਿਰਸਾਨੀ ਨੂੰ ਤਬਾਹੋ-ਬਰਬਾਦ ਕਰਨ ਵਾਲੀ ਹਾਲਤ ਨੂੰ ਸਮੁੱਚਾ ਖਾਲਸਾ ਪੰਥ ਚੁੱਪਚਾਪ ਸਹਿਣ ਨਹੀਂ ਕਰੇਗਾ ਤੇ ਭਾਰਤ ਸਰਕਾਰ ਦੀ ਸਿੱਖ ਨਸਲਕੁਸ਼ੀ ਦੀ ਯੋਜਨਾ ਨੂੰ ਪੂਰੀ ਦੁਨੀਆਂ ਵਿਚ ਨੰਗਿਆਂ ਕਰੇਗਾ। ਭਾਰਤ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਪਹਿਲਾਂ ਹੀ 73 ਸਾਲਾਂ ਤੋਂ ਮੁਫਤ ‘ਚ ਲੁੱਟ ਰਹੀ ਹੈ ਤੇ ਖਾਸ ਕਰਕੇ 1966 ਤੋਂ ਇਹ ਲੁੱਟ ਭਿਆਨਕ ਰੂਪ ਧਾਰਨ ਕਰ ਗਈ ਹੈ। ਹੁਣ ਤੱਕ ਦੋ ਸੌ ਬਿਲੀਅਨ ਡਾਲਰ ਦਾ ਪੰਜਾਬ ਦਾ ਪਾਣੀ ਲੁੱਟਿਆ ਜਾ ਚੁੱਕਾ ਹੈ। ਹੁਣ ਪੰਜਾਬ ਦੇ ਸਿੱਖ ਕਿਰਸਾਨਾਂ ਨੂੰ ਨੇਸਤੋਂਨਾਬੂਦ ਕਰਨ ਲਈ ਖੇਤੀਬਾੜੀ ਦੇ ਨਵੇਂ ਕਾਨੂੰਨ ਬਣਾ ਕੇ ਸਿੱਖ ਕਿਰਸਾਨੀ ਦਾ ਲੱਕ ਤੋੜਨਾ ਚਾਹੁੰਦੀ ਹੈ, ਜਿਸਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਤੇ ਸਿੱਖ ਕੋਆਰਡੀਨੇਟਰ ਕਮੇਟੀ ਇਸਟ ਕੋਸਟ ਨਿਊਯਾਰਕ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਤੇ ਮੀਡੀਆ ਸਪੋਕਸਮੈਨ ਸ. ਹਰਜਿੰਦਰ ਸਿੰਘ ਨੇ ਜਾਰੀ ਕੀਤੇ ਸਾਂਝੇ ਬਿਆਨ ‘ਚ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਿੱਖ ਆਪਣੇ ਬਚਾਅ ਵਾਸਤੇ ਲੋਕਤੰਤਰੀ ਕਦਰਾਂ-ਕੀਮਤਾਂ ਅਨੁਸਾਰ, ਜੋ ਵੀ ਬਣੇ ਸਰੇਗਾ, ਜ਼ਰੂਰ ਕਰਨਗੇ।
ਸਿੱਖ ਆਗੂਆਂ ਨੇ ਆਰ.ਐੱਸ.ਐੱਸ. ਦੇ ਕਰਿੰਦੇ ਬਾਦਲ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਖਤ ਨਿੰਦਿਆਂ ਕਰਦਿਆਂ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕਰਨ ਦਾ ਇਲਜ਼ਾਮ ਲਾਂਦਿਆਂ ਸਿੱਖ ਕੌਮ ਦੀ ਬਰਬਾਦੀ ਵਾਸਤੇ ਜ਼ਿੰਮੇਵਾਰ ਠਹਿਰਾਇਆ। ਇਨ੍ਹਾਂ ਗਦਾਰਾਂ ਨੇ ਪੰਜਾਬ ਦੀ ਧਰਤੀ ਨੂੰ ਬਰਬਾਦ ਕਰਨ ਵਾਸਤੇ ਸਦਾ ਕੇਂਦਰ ਸਰਕਾਰ ਨਾਲ ਸੌਦੇਬਾਜ਼ੀ ਕਰਦਿਆਂ ਖਾਲਸਾ ਪੰਥ ਦੀ ਪਿੱਠ ‘ਚ ਛੁਰਾ ਮਾਰਿਆ ਤੇ ਨਿੱਜੀ ਫਾਇਦਾ ਲਿਆ। ਕਾਂਗਰਸ, ਅਕਾਲੀ ਦਲ, ਬੀ.ਜੇ.ਪੀ., ਪੰਜਾਬੀ ਕਾਮਰੇਟ ਕੇਂਦਰ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਦਾ ਸਦਾ ਸਮਰਥਨ ਕਰਦੇ ਆਏ ਨੇ, ਜਿਸ ਨਾਲ ਸਿੱਖ ਕੌਮ ਦੀ ਮਾਨਸਿਕ ਨਸਲਕੁਸ਼ੀ ਕੀਤੀ ਜਾ ਰਹੀ ਹੈ। ਜਥੇਬੰਦਕ ਰੂਪ ਵਿਚ ਅਸੀਂ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਦੇ ਹਾਲਾਤ ਨਾਰਮਲ ਨਹੀਂ ਹਨ, ਬਲਕਿ ਇਹ ਹਾਲਾਤ ਹਿਟਲਰ ਦੇ ਭਿਆਨਕ ਜ਼ੁਲਮਾਂ ਦੀ ਯਾਦ ਦਵਾ ਰਹੇ ਹਨ, ਜਦ ਉਸਨੇ ਯਹੂਦੀਆਂ ਦੀ ਨਸਲਕੁਸ਼ੀ ਕੀਤੀ ਸੀ ਤੇ ਸਾਨੂੰ ਵੀ ਹੁਣ ਦੇ ਪੰਜਾਬ ਦੇ ਹਾਲਾਤ ਨੂੰ ਨਸਲਕੁਸ਼ੀ ਵਾਂਗ ਲੈ ਕੇ ਇਸ ਤੋਂ ਬਚਣ ਦਾ ਹਰ ਯਤਨ ਕਰਨਾ ਚਾਹੀਦਾ ਹੈ। ਪੂਰੇ ਸੰਸਾਰ ‘ਚ ਬੈਠੇ ਸਿੱਖ ਚੁੱਪ ਕਰਕੇ ਨਹੀਂ ਬੈਠਣਗੇ।


Share