ਭਾਰਤੀ-ਅਮਰੀਕੀ ਭਾਈਚਾਰਾ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਰਿਸ਼ਤੇ ‘ਚ ਅਹਿਮ ਹਿੱਸੇਦਾਰ : ਸੰਧੂ

495
Share

* ਭਾਰਤੀ ਭਾਈਚਾਰੇ ਨਾਲ ਵਰਚੂਅਲ ਮੀਟਿੰਗ
ਵਾਸ਼ਿੰਗਟਨ, 1 ਅਗਸਤ (ਪੰਜਾਬ ਮੇਲ)- ਅਮਰੀਕਾ ਲਈ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਰਿਸ਼ਤੇ ਵਿੱਚ ਅਹਿਮ ਹਿੱਸੇਦਾਰ ਹੈ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਤੋਂ ਉਭਰਨ ਮਗਰੋਂ ਭਾਰਤ ਦੇ ਆਰਥਿਕ ਵਿਕਾਸ ਅਤੇ ਦੁੱਵਲੇ ਸਬੰਧਾਂ ਦੀ ਮਜ਼ਬੂਤੀ ਵਿਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਰਾਜਦੂਤ ਸੰਧੂ ਨੇ ਇਹ ਟਿੱਪਣੀਆਂ ਵਾਸ਼ਿੰਗਟਨ ਡੀਸੀ ਵਿਚ ਅਤੇ ਆਲੇ-ਦੁਆਲੇ ਵਿਚ ਵੱਸਦੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨਾਲ ਵਰਚੂਅਲ ਬੈਠਕ ਮੌਕੇ ਕੀਤੀਆਂ। ਕਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤੀ ਰਾਜਦੂਤ ਵਲੋਂ ਦੇਸ਼ ਭਰ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਨਾਲ ਵਰਚੂਅਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਇਹ ਉਨ੍ਹਾਂ ਦੀ ਸੱਤਵੀਂ ਬੈਠਕ ਸੀ। ਉਨ੍ਹਾਂ ਕਿਹਾ, ”ਸਾਡੇ ਅਮਰੀਕਾ ਨਾਲ ਸਬੰਧਾਂ ਵਿੱਚ ਭਾਰਤੀ-ਅਮਰੀਕੀ ਭਾਈਚਾਰਾ ਅਹਿਮ ਹਿੱਸੇਦਾਰ ਹੈ। ਸਾਨੂੰ ਤੁਹਾਡੇ ਵਿਚਾਰ ਅਤੇ ਸੁਝਾਅ ਚਾਹੀਦੇ ਹਨ, ਕਿ ਕਿਸ ਤਰ੍ਹਾਂ ਭਾਰਤ ਵਿੱਚ ਤਬਦੀਲੀ ਲਿਆਉਣ ਅਤੇ ਭਾਰਤ-ਅਮਰੀਕੀ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਅਸੀਂ ਆਪਣੀਆਂ ਸਮਰੱਥਾਵਾਂ ਦਾ ਭਰਪੂਰ ਲਾਭ ਲੈ ਸਕਦੇ ਹਾਂ। ਕੋਵਿਡ-19 ਖ਼ਤਮ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਭਾਰਤ ਦੇ ਵਿਕਾਸ ਅਤੇ ਉਭਾਰ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਂਦਿਆਂ ਦੇਖਣਾ ਚਾਹੁੰਦੇ ਹਾਂ। ਸਪਲਾਈ ਕੜੀਆਂ ‘ਚ ਤਬਦੀਲੀ ਹੋਣ ‘ਤੇ ਅਸੀਂ ਮੌਕਿਆਂ ਦਾ ਲਾਹਾ ਲੈਣਾ ਚਾਹੁੰਦੇ ਹਾਂ।” ਭਾਰਤੀ ਦੂਤ ਨੇ ਭਾਈਚਾਰੇ ਦਾ ਮੁਲਕ ਵਿੱਚ ਫਸੇ ਭਾਰਤੀਆਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।


Share