
ਹਿਊਸਟਨ, 31 ਅਗਸਤ (ਪੰਜਾਬ ਮੇਲ)- ਇਥੇ 2019 ਵਿਚ ਲਾਪ੍ਰਵਾਹੀ ਨਾਲ ਗੋਲੀ ਚਲਾ ਕੇ ਇਕ ਮਹਿਲਾ ਨੂੰ ਮਾਰਨ ਦੇ ਮਾਮਲੇ ਵਿਚ ਮੁਲਜ਼ਮ ਅਮਰੀਕਾ ਪੁਲਿਸ ਦੇ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਨੂੰ ਟੈਕਸਸ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਸਾਬਕਾ ਅਧਿਕਾਰੀ ’ਤੇ ਦੋਸ਼ ਸਨ ਕਿ ਉਸ ਨੇ ਮਹਿਲਾ ਦੇ ਕੁੱਤੇ ’ਤੇ ਗੋਲੀ ਚਲਾਈ, ਜੋ ਕਿ ਮਹਿਲਾ ਦੇ ਲੱਗ ਗਈ। ਰਵਿੰਦਰ ਸਿੰਘ ’ਤੇ ਗੋਲੀ ਚਲਾ ਕੇ ਮੈਗੀ ਬਰੁੱਕਸ (30) ਨੂੰ ਕਤਲ ਕਰਨ ਦੇ ਦੋਸ਼ ਹੇਠ ਮੁਕੱਦਮਾ ਚੱਲ ਰਿਹਾ ਸੀ।
ਟੈਰੇਂਟ ਅਪਰਾਧਿਕ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਬੀਤੇ ਦਿਨੀਂ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜਦੋਂ ਵੀ ਬਲ ਦਾ ਇਸਤੇਮਾਲ ਕਰਨ ਦੇ ਨਤੀਜੇ ਵਜੋਂ ਇਕ ਆਮ ਨਾਗਰਿਕ ਦੀ ਮੌਤ ਹੁੰਦੀ ਹੈ, ਤਾਂ ਉਹ ਮਾਮਲਾ ਵੱਡੀ ਜਿਊਰੀ ਕੋਲ ਲੈ ਕੇ ਜਾਂਦੇ ਹਨ। ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ, ‘‘ਇਕ ਜਿਊਰੀ ਨੇ 2019 ਵਿਚ ਹੋਈ ਬਰੁੱਕਸ ਦੀ ਮੌਤ ਸਬੰਧੀ ਤੱਥ ਸੁਣੇ। ਉਨ੍ਹਾਂ ਗਵਾਹਾਂ ਤੇ ਸਬੂਤਾਂ ਦਾ ਮੁਲਾਂਕਣ ਕੀਤਾ ਅਤੇ ਨਿਰਧਾਰਤ ਕੀਤਾ ਕਿ ਰਵਿੰਦਰ ਸਿੰਘ ਕਸੂਰਵਾਰ ਨਹੀਂ ਸੀ। ਅਜਿਹਾ ਕਰਕੇ ਜਿਊਰੀ ਨੇ ਅਪਰਾਧਿਕ ਨਿਆਂ ਪ੍ਰਣਾਲੀ ’ਚ ਆਪਣਾ ਫ਼ਰਜ਼ ਪੂਰਾ ਕੀਤਾ, ਜਿਵੇਂ ਕਿ ਅਸੀਂ ਕੀਤਾ ਸੀ।’’