ਸੇਸ਼ੇਲਸ, 26 ਅਕਤੂਬਰ (ਪੰਜਾਬ ਮੇਲ)-ਭਾਰਤਵੰਸ਼ੀ ਵੈਵੇਲ ਰਾਮਕਲਾਵਨ ਹਿੰਦ ਮਹਾਸਾਗਰ ਦੇ ਟਾਪੂ ਦੇਸ਼ ਸੇਸ਼ੇਲਸ ਦੇ ਰਾਸ਼ਟਰਪਤੀ ਚੁਣੇ ਗਏ ਹਨ। 43 ਸਾਲ ਬਾਅਦ ਵਿਰੋਧੀ ਧਿਰ ਦਾ ਕੋਈ ਨੇਤਾ ਸੇਸ਼ੇਲਸ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਰਾਮਕਲਾਵਨ ਦੀਆਂ ਜੜ੍ਹਾਂ ਬਿਹਾਰ ਨਾਲ ਜੁੜੀਆਂ ਹਨ। ਉਹ ਪਾਦਰੀ ਵੀ ਰਹਿ ਚੁੱਕੇ ਹਨ। ਰਾਮਕਲਾਵਨ ਨੂੰ 54 ਫੀਸਦੀ ਵੋਟਾਂ ਮਿਲੀਆਂ ਹਨ।
ਪੂਰਬੀ ਅਫਰੀਕੀ ਦੇਸ਼ ਸੇਸ਼ੇਲਸ ਦੀ ਆਬਾਦੀ ਇਕ ਲੱਖ ਤੋਂ ਘੱਟ ਹੈ। ਰਾਸ਼ਟਰਪਤੀ ਚੋਣਾਂ ‘ਚ ਵੀਰਵਾਰ ਤੋਂ ਸ਼ਨੀਵਾਰ ਤੱਕ ਹੋਏ ਮਤਦਾਨ ‘ਚ 75 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸੇਸ਼ੇਲਸ ‘ਚ 1977 ਦੇ ਬਾਅਦ ਪਹਿਲੀ ਵਾਰ ਵਿਰੋਧੀ ਧਿਰ ਦਾ ਕੋਈ ਨੇਤਾ ਰਾਸ਼ਟਰਪਤੀ ਚੁਣਿਆ ਗਿਆ ਹੈ। ਫਾਰੇ ਦੀ ਯੁਨਾਈਟਡ ਸੇਸ਼ੇਲਸ ਪਾਰਟੀ ਪਿਛਲੇ 43 ਸਾਲਾਂ ਤੋਂ ਸੱਤਾ ਵਿਚ ਸੀ। ਰਾਮਕਲਾਵਨ ਦੀ ਪਾਰਟੀ ਦਾ ਨਾਂ ਲਿਨਓਨ ਡੈਮੋਕ੍ਰੇਟਿਕ ਸੇਸਲਵਾ ਪਾਰਟੀ ਹੈ।
ਰਾਮਕਲਾਵਨ ਨੇ ਜਿੱਤ ਮਗਰੋਂ ਕਿਹਾ ਕਿ ਉਹ ਅਤੇ ਫਾਰੇ ਚੰਗੇ ਦੋਸਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਿਸੇ ਦੀ ਹਾਰ-ਜਿੱਤ ਨਹੀਂ ਹੋਈ, ਸਗੋਂ ਉਹ ਮੰਨਦੇ ਹਨ ਕਿ ਇਹ ਦੇਸ਼ ਦੀ ਜਿੱਤ ਹੈ।