ਭਾਜਪਾ ਸਰਕਾਰ ਦੇ ਹਿੰਦੂਤਵੀ ਏਜੰਡੇ ਨੇ ਭਾਰਤ ‘ਚ ਮਨੁੱਖਤਾ ਦਾ ਘਾਣ ਕੀਤਾ: ਸੁੱਖੀ ਘੁੰਮਣ

618
Share

ਨਿਊਯਾਰਕ, 5 ਅਗਸਤ (ਪੰਜਾਬ ਮੇਲ)- ਭਾਜਪਾ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰ ਸਰਕਾਰ ਦੇ ਲੁਕਵੇਂ ਏਜੰਡੇ ਨੇ ਭਾਰਤ ਵਿਚ ਮਨੁੱਖਤਾ ਦਾ ਘਾਣ ਕੀਤਾ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਰਾਜ ਹੈ ਪਰ ਇਸ ਦੇਸ਼ ਲਈ ਭਾਜਪਾ ਸਰਕਾਰ ਦਾ ਪਿਛਲੇ 6 ਸਾਲਾਂ ਦਾ ਰਾਜ ਬਹੁਤਾ ਕਾਰਗਰ ਜਾਂ ਲਾਭਦਾਇਕ ਨਹੀਂ ਹੋ ਸਕਿਆ। ਭਾਜਪਾ ਸਰਕਾਰ ਦੇ ਰਾਜਭਾਗ ਦੌਰਾਨ ਜਿੱਥੇ ਦੇਸ਼ ਦੇ ਅੰਦਰੂਨੀ ਹਾਲਾਤ ਵਧੇਰੇ ਖਰਾਬ ਹੋਏ ਹਨ, ਉਥੇ ਗੁਆਂਢੀ ਦੇਸ਼ਾਂ ਨਾਲ ਤਲਖੀਆਂ ਵੀ ਵਧੀਆਂ ਹਨ। ਇਹ ਵਿਚਾਰ ਐੱਨ.ਆਰ.ਆਈ. ਸੁੱਖੀ ਘੁੰਮਣ ਨੇ ਵਿਸ਼ੇਸ਼ ਗੱਲਬਾਤ ਰਾਹੀਂ ਪ੍ਰਗਟ  ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਾੜਫੂਕ, ਨਫਰਤ ਅਤੇ ਜਾਤ-ਪਾਤ ਆਧਾਰਿਤ ਹਿੰਸਾ ਦਾ ਮਾਹੌਲ ਦੇਸ਼ ‘ਤੇ ਰਾਜ ਕਰਦੀਆਂ ਸਰਕਾਰਾਂ ਦੇ ਪਾਕਿ ਸਾਫ ਦਾਮਨ ‘ਤੇ ਕਾਲਾ ਧੱਬਾ ਹੈ।
ਦੇਸ਼ ਅੰਦਰ ਅਸਹਿਣਸ਼ੀਲਤਾ ਦੇ ਮੌਜੂਦਾ ਵਾਤਾਵਰਨ ਨੇ ਸੋਨੇ ਦੀ ਚਿੜ੍ਹੀ ਕਹਾਉਣ ਵਾਲੇ ਸਾਡੇ ਦੇਸ਼ ਭਾਰਤ ਨੂੰ ਜਿੱਥੇ ਆਰਥਿਕ ਮੰਦਹਾਲੀ ਵੱਲ ਧੱਕਿਆ ਹੈ, ਉਥੇ ਦੇਸ਼ ਵਾਸੀਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖ ਕੇ ਆਮ ਜਨਤਾ ਨੂੰ ਭਿਖਾਰੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਰਾਜ ਭਾਗ ਦੌਰਾਨ ਪੰਜਾਬੀਆਂ ਨੂੰ ਜਿੰਨੀ ਆਜ਼ਾਦੀ ਪਿਛਲੇ ਤਿੰਨ ਸਾਢੇ ਤਿੰਨ ਸਾਲਾਂ ਦੌਰਾਨ ਹਾਸਲ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਸੀ ਸੁਣੀ ਕਿਉਂਕਿ ਕੈਪਟਨ ਖੁਦ ਇਕ ਬਹਾਦਰ ਫੌਜੀ ਸਪੂਤ ਹੈ, ਜਿਸ ਨੇ ਭਾਰਤੀ ਫੌਜ ਵਿਚ ਬਤੌਰ ਕੈਪਟਨ ਦੇਸ਼ ਦੀ ਸੇਵਾ ਕਰਦਿਆਂ ਹੱਦਾਂ-ਸਰਹੱਦਾਂ ਦੀ ਰਾਖੀ ਵੀ ਕੀਤੀ ਅਤੇ ਹੁਣ ਸੂਬੇ ਦੇ ਅੰਦਰੂਨੀ ਮੋਰਚਿਆਂ ‘ਤੇ ਕਰੋਨਾ ਮਹਾਂਮਾਰੀ ਨਾਲ ਲੜਾਈ ਲੜਦਿਆਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਕੇ ਦੇਸ਼ ਅੰਦਰ ਨਵਾਂ ਇਤਿਹਾਸ ਸਿਰਜ ਰਿਹਾ ਹੈ।


Share