ਭਾਜਪਾ ਪੰਜਾਬ ਨਾਲ ਇਸ ਤਰਾਂ ਪੱਖਪਾਤ ਕਰ ਰਹੀ ਹੈ ਜਿਵੇਂ ਅਸੀ ਕੋਈ ਦੁਸ਼ਮਣ ਸੂਬਾ ਹੋਈਏ : ਖਹਿਰਾ

587
Share

 ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸਾਨਾਂ ਦੀਆਂ ਜਾਇਜ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸ ਵਾਰ “ਕਾਲੀ ਦੀਵਾਲੀ” ਮਨਾਈ  ਜਾਵੇ

ਭੁਲੱਥ, 10 ਨਵੰਬਰ (ਅਜੈ ਗੋਗਨਾ/ਪੰਜਾਬ ਮੇਲ)—ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਭੁਲੱਥ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਨੇ ਅੱਜ ਇਥੇ ਸਖਤ ਸ਼ਬਦਾਂ ਵਿੱਚ ਇਕ ਬਿਆਨ ਜਾਰੀ ਕਰਦੇ ਹੋਏ ਭਾਜਪਾ ਦੀ ਕਠੋਰ ਨਿੰਦਿਆ ਕੀਤੀ ਜੋ ਕਿ ਪੰਜਾਬ ਖਿਲਾਫ ਬਦਲਾਖੋਰੀ ਦੀ ਭਾਵਨਾ ਤਹਿਤ ਕੰਮ ਕਰ ਰਹੀ ਹੈ ਅਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਮੰਨਣ ਦੀ ਬਜਾਏ ਉਹਨਾਂ ਨੂੰ ਸਬਕ ਸਿਖਾਉਣ ਦੀ ਨੀਤੀ ਤੇ ਉੱਤਰੀ ਹੋਈ ਹੈ। ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਪੱਖਪਾਤੀ ਰਵੱਈਆ ਭਾਜਪਾ ਲੀਡਰਸ਼ਿਪ ਵਿੱਚ ਪੰਜਾਬ ਖਿਲਾਫ ਨਫਰਤ ਅਤੇ ਬੁਰੀ ਭਾਵਨਾਵਾਂ ਨੂੰ ਦਰਸਾਉਂਦਾ ਹੈ।
ਖਹਿਰਾ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨ ਆਪਣੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਵਿੱਚ ਕਾਮਯਾਬ ਰਹੇ ਹਨ ਅਤੇ ਪਿਛਲੇ ਕੁਝ ਮਹੀਨਿਆਂ ਦੇ ਰੋਸ ਪ੍ਰਦਰਸ਼ਨਾਂ ਦੋਰਾਨ ਇੱਕ ਵੀ ਹਿੰਸਕ ਘਟਨਾ ਨਹੀਂ ਵਾਪਰੀ ਹੈ। ਖਹਿਰਾ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਮੰਨਣ ਜਾਂ ਉਹਨਾਂ ਨਾਲ ਚਰਚਾ ਕਰਨ ਦੀ ਬਜਾਏ ਭਾਜਪਾ ਨੇ ਸੂਬੇ ਵਿੱਚ ਜਰੂਰੀ ਵਸਤਾਂ ਦੀ ਸਪਲਾਈ ਵਿਸ਼ੇਸ਼ ਤੋਰ ਉੱਪਰ ਰੇਲ ਗੱਡੀਆਂ ਬੰਦ ਕਰ ਦਿੱਤੀਆ ਹਨ। ਖਹਿਰਾ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਖਾਦਾਂ ਆਦਿ ਦੀ ਸਖਤ ਲੋੜ ਹੈ, ਇਸੇ ਤਰਾਂ ਰਾਜ ਦੇ ਥਰਮਲ ਪਲਾਂਟਾਂ ਨੂੰ ਚਲਾਉਣ ਵਾਸਤੇ ਕੋਲੇ ਦੀ ਵੀ ਘਾਟ ਹੈ ਅਤੇ ਲੋਕ ਅਗਾਮੀ ਦੀਵਾਲੀ ਦੇ ਤਿਉਹਾਰ ਲਈ ਲੋੜੀਂਦੀ ਸਪਲਾਈ ਦਾ ਇੰਤਜਾਰ ਕਰ ਰਹੇ ਹਨ। ਭਾਜਪਾ ਨੇ ਮਨਘੜਤ ਬਹਾਨੇ ਘੜਕੇ ਪੰਜਾਬ ਦੀਆਂ ਸਾਰੀਆਂ ਰੇਲਗੱਡੀਆਂ ਬੰਦ ਕਰ ਦਿੱਤੀਆਂ ਹਨ ਜਦਕਿ ਲੋੜੀਂਦੀਆਂ ਵਸਤਾਂ ਦੀ ਸਪਲਾਈ ਵਾਸਤੇ ਕਿਸਾਨਾਂ ਨੇ ਰੇਲ ਲਾਈਨਾਂ ਨੂੰ ਪੂਰੀ ਤਰਾਂ ਨਾਲ ਖਾਲੀ ਕਰ ਦਿੱਤਾ ਹੋਇਆ ਹੈ।ਖਹਿਰਾ ਨੇ ਕਿਹਾ ਕਿ ਇਥੋਂ ਤੱਕ ਕਿ ਸੂਬਾ ਸਰਕਾਰ ਨੇ ਵੀ ਪੰਜਾਬ ਨੂੰ ਰੇਲ ਗੱਡੀਆਂ ਚਲਾਏ ਜਾਣ ਦੀ ਆਗਿਆ ਦਿੱਤੇ ਜਾਣ ਵਾਸਤੇ ਕੇਂਦਰ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਹੈ ਪਰੰਤੂ ਭਾਜਪਾ ਸਰਕਾਰ ਨੇ ਕੋਈ ਹਾਂ ਪੱਖੀ ਜਵਾਬ ਨਹੀਂ ਦਿੱਤਾ। ਖਹਿਰਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਨੂੰ ਅਨਾਜ ਉਤਪਾਦਨ ਵਿੱਚ ਸਵੈ ਨਿਰਭਰ ਬਣਾਉਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀਆਂ ਸਰਕਾਰਾਂ ਨੇ ਅੱਧਵਾਟੇ ਛੱਡ ਦਿੱਤਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ 1 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹਨ ਜੋ ਕਿ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਕਿਸਾਨਾਂ ਦਾ ਇਹ ਕਰਜ਼ਾ ਅਤੇ ਖੁਦਕੁਸ਼ੀਆਂ ਅਜਾਦੀ ਤੋਂ ਬਾਅਦ ਪਿਛਲੇ 73 ਸਾਲਾਂ ਦੋਰਾਨ ਨਿਰੰਤਰ ਕੇਂਦਰ ਦੀਆਂ ਸਰਕਾਰਾਂ ਵੱਲੋਂ ਫਸਲਾਂ ਦੀਆਂ ਤੈਅ ਕੀਤੀਆਂ ਗਈਆਂ ਘੱਟ ਕੀਮਤਾਂ ਦਾ ਨਤੀਜਾ ਹੈ।ਖਹਿਰਾ ਨੇ ਕਿਹਾ ਕਿ ਭਾਰਤ ਦੇ ਅਨਾਜ ਗੋਦਾਮ ਭਰਨ ਲਈ ਪੰਜਾਬ ਦੇ ਕਿਸਾਨਾਂ ਨੇ ਆਪਣੇ ਕੁਦਰਤੀ ਸਰੋਤਾਂ ਨੂੰ ਲਗਭਗ ਖਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਦੇ ਸਮੇਂ ਤੋਂ ਵਰਤੇ ਜਾ ਰਹੇ ਬੇਤਹਾਸ਼ਾ ਕੀਟਨਾਸ਼ਕਾਂ ਅਤੇ ਖਾਦਾਂ ਨੇ ਸਾਡੀ ਧਰਤੀ ਨੂੰ ਨਾ ਸਿਰਫ ਤਬਾਹ ਕੀਤਾ ਹੈ ਬਲਕਿ ਧਰਤੀ ਹੇਠਲੇ ਪਾਣੀ ਨੂੰ ਇਸ ਹੱਦ ਤੱਕ ਪ੍ਰਦੂਸ਼ਿਤ ਅਤੇ ਜਹਰੀਲਾ ਕਰ ਦਿੱਤਾ ਹੈ ਕਿ ਰਾਜ ਵਿੱਚ ਵੱਡੇ ਪੱਧਰ ਉੱਪਰ ਕੈਂਸਰ ਦੀ ਬੀਮਾਰੀ ਫੈਲ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਸਖਤ ਮਿਹਨਤ ਅਤੇ ਦੇਸ਼ ਪ੍ਰਤੀ ਵਚਨਬੱਧਤਾ ਦਾ ਇਨਾਮ ਦੇਣ ਦੀ ਬਜਾਏ ਭਾਜਪਾ ਸਰਕਾਰ ਉਹਨਾਂ ਕੋਲੋਂ ਬਦਲਾ ਲੈ ਰਹੀ ਹੈ, ਉਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਅਤੇ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।

ਖਹਿਰਾ ਨੇ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਮੰਨਣ ਅਤੇ ਮਾਲ ਗੱਡੀਆਂ ਨੂੰ ਪੰਜਾਬ ਆਉਣ ਦੇਣ ਤਾਂ ਕਿ ਖਾਦ, ਕੋਲਾ ਅਤੇ ਹੋਰ ਲੋੜੀਂਦਾ ਸਮਾਨ ਜਨਤਾ ਤੱਕ ਪਹੁੰਚ ਸਕੇ। ਖਹਿਰਾ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਆਪਣੇ ਵਤੀਰੇ ਵਿੱਚ ਸੁਧਾਰ ਨਹੀਂ ਕਰਦੀ ਅਤੇ ਤਾਨਾਸ਼ਾਹੀ ਜਾਰੀ ਰੱਖਦੀ ਹੈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਉਣ ਵਾਲੇ ਤਿਉਹਾਰ ਨੂੰ “ਕਾਲੀ ਦੀਵਾਲੀ” ਵਜੋਂ ਮਨਾਉਣ ਅਤੇ ਘੋਰ ਵਿਤਕਰੇ ਖਿਲਾਫ ਆਪਣਾ ਵਿਰੋਧ ਦਰਜ਼ ਕਰਵਾਉਣ।


Share