ਭਾਜਪਾ ਪੰਜਾਬ ‘ਚ ਬਾਹਰੋਂ ਆਏ ਆਗੂਆਂ ਨੂੰ ਨੁਮਾਇੰਦਗੀ ਦੇਣ ‘ਤੇ ਉੱਠੇ ਬਗਾਵਤੀ ਸੁਰ

39

-ਭਾਜਪਾ ਦੀ ਕੋਰ ਕਮੇਟੀ ‘ਤੇ ਵੀ ਦਲ ਬਦਲੂਆਂ ਦਾ ਰੰਗ ਹੋਇਆ ਭਾਰੂ
ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)- ਭਾਜਪਾ ਨੇ ਪੰਜਾਬ ਵਿਚ ਆਪਣੇ ਜਥੇਬੰਦਕ ਢਾਂਚੇ ਦੇ ਗਠਨ ਤੋਂ ਬਾਅਦ ਪਾਰਟੀ ਦੀਆਂ ਅਹਿਮ ਕਮੇਟੀਆਂ ਵਿਚ ਵੀ ਨਿਯੁਕਤੀਆਂ ਦਾ ਐਲਾਨ ਕਰ ਦਿੱਤਾ ਹੈ। ਭਗਵਾ ਪਾਰਟੀ ਨੇ ਜਥੇਬੰਦਕ ਢਾਂਚੇ ਦੀ ਤਰਜ਼ ‘ਤੇ ਹੀ ਕੋਰ ਕਮੇਟੀ ਅਤੇ ਹੋਰਨਾਂ ਕਮੇਟੀਆਂ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਹੈ। ਪਾਰਟੀ ਦੇ ਕੇਂਦਰੀ ਆਗੂਆਂ ਨੇ ਸੂਬਾਈ ਪ੍ਰਧਾਨ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਨੂੰ ਪੈਰਾਂ ਸਿਰ ਕਰਨ ਲਈ ਕਾਂਗਰਸ ਦੇ ਦੋ ਸਾਬਕਾ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਪ੍ਰਭਾਵ ਅਤੇ ਸਬੰਧਾਂ ਦਾ ਪੂਰਾ ਫਾਇਦਾ ਲੈਣ ਦੀ ਹਦਾਇਤ ਕੀਤੀ ਹੈ।
ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਕੋਰ ਗਰੁੱਪ ਅਤੇ ਵਿੱਤ ਕਮੇਟੀ ਦੇ ਮੈਂਬਰਾਂ ਦਾ ਐਲਾਨ ਕਰਦਿਆਂ ਸੂਬਾਈ ਕੋਰ ਗਰੁੱਪ ਦੇ ਮੈਂਬਰਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਡੀ.ਜੀ.ਪੀ. ਸਰਬਦੀਪ ਸਿੰਘ ਵਿਰਕ, ਮਨੋਰੰਜਨ ਕਾਲੀਆ, ਪ੍ਰੋ. ਰਜਿੰਦਰ ਭੰਡਾਰੀ, ਰਜਿੰਦਰ ਮੋਹਨ ਸਿੰਘ ਛੀਨਾ, ਜਸਵਿੰਦਰ ਢਿੱਲੋਂ, ਫਤਿਹਜੰਗ ਸਿੰਘ ਬਾਜਵਾ, ਵਿਜੇ ਸਾਂਪਲਾ, ਸ੍ਰੀਨਿਵਾਸਲੂ, ਸ਼ਵੇਤ ਮਲਿਕ, ਤੀਕਸ਼ਣ ਸੂਦ ਅਤੇ ਸੁਭਾਸ਼ ਸ਼ਰਮਾ ਨੂੰ ਸ਼ਾਮਲ ਕੀਤਾ ਹੈ। ਸੂਬਾਈ ਕੋਰ ਕਮੇਟੀ ਦੇ ਵਿਸ਼ੇਸ਼ ਇਨਵਾਇਟੀ ਮੈਂਬਰਾਂ ਵਿਚ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਸਦੀ ਬੋਰਡ ਤੋਂ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਸੂਬਾ ਇੰਚਾਰਜ ਵਿਜੈ ਰੂਪਾਨੀ, ਸੂਬਾ ਸਹਿ-ਇੰਚਾਰਜ ਨਰਿੰਦਰ ਰੈਨਾ ਅਤੇ ਸਾਰੇ ਸੂਬਾਈ ਜਨਰਲ ਸਕੱਤਰ ਸਾਮਲ ਕੀਤੇ ਗਏ ਹਨ। ਸੂਬਾ ਵਿੱਤ ਕਮੇਟੀ ਦੇ ਮੈਂਬਰਾਂ ਵਿਚ ਮਨੋਰੰਜਨ ਕਾਲੀਆ, ਸੁਨੀਲ ਜਾਖੜ, ਤੀਕਸ਼ਣ ਸੂਦ, ਅਰਵਿੰਦ ਖੰਨਾ, ਸਰਬਜੀਤ ਸਿੰਘ ਮੱਕੜ, ਸਰੂਪ ਚੰਦ ਸਿੰਗਲਾ, ਪ੍ਰਵੀਨ ਬਾਂਸਲ, ਸੰਜੀਵ ਖੰਨਾ, ਗੁਰਦੇਵ ਸ਼ਰਮਾ (ਦੇਬੀ) ਸੰਯੋਜਕ ਸ਼ਾਮਲ ਹਨ।
ਭਾਜਪਾ ਵੱਲੋਂ ਕਾਂਗਰਸ ਦੇ ਜਿਨ੍ਹਾਂ ਸਾਬਕਾ ਆਗੂਆਂ ਨੂੰ ਜਥੇਬੰਦਕ ਢਾਂਚੇ ਵਿਚ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ, ਉਨ੍ਹਾਂ ਵਿਚ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਐਤਕੀਂ ਕੀਤੀਆਂ ਨਿਯੁਕਤੀਆਂ ਵਿਚ ਆਰ.ਐੱਸ.ਐੱਸ. ਦੀਆਂ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਕਿਉਂਕਿ ਪਾਰਟੀ ਸੂਬੇ ਦੇ ਦਿਹਾਤੀ ਖੇਤਰ ਵਿਚ ਪੈਰ ਜਮਾਉਣਾ ਚਾਹੁੰਦੀ ਹੈ। ਭਾਜਪਾ ਵੱਲੋਂ ਸਿਰਫ ਪ੍ਰਧਾਨ ਦੀ ਕੁਰਸੀ ‘ਤੇ ਹੀ ਜਨਸੰਘ ਦੇ ਪਿਛੋਕੜ ਵਾਲੇ ਆਗੂ ਨੂੰ ਬਿਠਾਇਆ ਗਿਆ ਹੈ। ਅਹੁਦੇਦਾਰਾਂ ਅਤੇ ਕਮੇਟੀਆਂ ਵਿਚ ਜਨ ਸੰਘ ਦਾ ਪਿਛੋਕੜ ਹੋਣ ਸਬੰਧੀ ਲਾਜ਼ਮੀ ਸ਼ਰਤ ਨਹੀਂ ਰੱਖੀ ਗਈ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਹਾਲ ਦੀ ਘੜੀ ਪੰਜਾਬ ਦੇ ਦਿਹਾਤੀ ਖੇਤਰ ਵਿਚ ਭਗਵਾ ਪਾਰਟੀ ਨੂੰ ਸੂਬੇ ਦੀਆਂ ਹੋਰਨਾਂ ਰਵਾਇਤੀ ਪਾਰਟੀਆਂ ਖਾਸ ਕਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਬਰਾਬਰ ਦੀ ਤਰਜੀਹ ਨਹੀਂ ਦਿੱਤੀ ਜਾ ਰਹੀ। ਇਹੀ ਕਾਰਨ ਹੈ ਕਿ ਭਾਜਪਾ ਨੇ ਜਥੇਬੰਦਕ ਢਾਂਚੇ ਵਿੱਚ ਅਤੇ ਕੋਰ ਕਮੇਟੀ ਵਰਗੀਆਂ ਅਹਿਮ ਕਮੇਟੀਆਂ ਵਿਚ ਜੱਟ ਸਿੱਖ ਬਰਾਦਰੀ ਨਾਲ ਸਬੰਧਤ ਆਗੂਆਂ ਨੂੰ ਨਿਯੁਕਤੀਆਂ ਦਿੱਤੀਆਂ ਹਨ।
ਸੂਬੇ ‘ਚ ਇਕ ਪਾਸੇ ਜਿੱਥੇ ਭਾਜਪਾ ਖੁਦ ਨੂੰ ਮਜ਼ਬੂਤ ਕਰਨ ਦੀ ਤਿਆਰੀਆਂ ‘ਚ ਜੁੱਟ ਗਈ ਹੈ, ਜਿਸ ਕਾਰਨ ਕਈ ਆਗੂਆਂ ਨੂੰ ਭਾਜਪਾ ਸੂਚੀ ‘ਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉੱਥੇ ਹੀ, ਦੂਜੇ ਪਾਸੇ ਇਸ ਸੂਚੀ ਨੂੰ ਲੈ ਕੇ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ ਨੂੰ ਲੈ ਕੇ ਭਾਜਪਾ ਦੇ ਕੁਝ ਆਗੂਆਂ ਅਤੇ ਵਰਕਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅਸ਼ਵਨੀ ਸ਼ਰਮਾ ਵੱਲੋਂ ਤਿਆਰ ਕੀਤੀ ਸੂਚੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਸ਼ਵਨੀ ਸ਼ਰਮਾ ਵੱਲੋਂ ਤਿਆਰ ਕੀਤੀ ਗਈ ਇਸ ਸੂਚੀ ‘ਚ ਆਪਣੇ ਚਹੇਤਿਆਂ ਨੂੰ ਰਿਓੜੀਆਂ ਵੰਡਣ ਅਤੇ ਪੁਰਾਣੇ ਵਰਕਰਾਂ ਦਾ ਅਪਮਾਨ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਨੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸੂਚੀ ਨੂੰ ਨਹੀਂ ਮੰਨਦੇ। ਗਰੇਵਾਲ ਨੇ ਕਿਹਾ ਹੈ ਕਿ ਅਸ਼ਵਨੀ ਸ਼ਰਮਾ ਖੁਦ ਕੁਰਸੀ ਕਿਉਂ ਨਹੀਂ ਛੱਡਦੇ, ਕੀ ਪੰਜਾਬ ‘ਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਆਗੂ ਨਹੀਂ ਹੈ।