ਭਾਜਪਾ ਨੇ ਇਕ ਸਾਲ ਦੇ ਅੰਦਰ ਦੋ ਸਭ ਤੋਂ ਪੁਰਾਣੇ ਸਹਿਯੋਗੀਆਂ ਨੂੰ ਗਵਾਇਆ

311
Share

ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਨਾਲ ਆਪਣੇ ਲਗਪਗ ਢਾਈ ਦਹਾਕੇ ਪੁਰਾਣੇ ਸਬੰਧ ਤੋੜਣ ਤੋਂ ਬਾਅਦ ਭਗਵਾ ਪਾਰਟੀ ਨੇ ਇਕ ਸਾਲ ਦੇ ਅੰਦਰ ਆਪਣੇ ਦੋ ਸਭ ਤੋਂ ਪੁਰਾਣੇ, ਭਰੋਸੇਯੋਗ ਤੇ ਵਿਚਾਰਕ ਰੂਪ ਨਾਲ ਇਕਜੁੱਟ ਸਹਿਯੋਗੀਆਂ ਨੂੰ ਗਵਾ ਦਿੱਤਾ ਹੈ। ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਤੋਂ ਅਕਾਲੀ ਦਲ ਦਾ ਤੋੜ ਵਿਛੋੜਾ ਸ਼ਾਇਦ ਹੀ ਮੋਦੀ ਸਰਕਾਰ ਨੂੰ ਪ੍ਰਭਾਵਿਤ ਕਰੇ ਪਰ ਇਹ ਸਰਹੱਦੀ ਸੂਬੇ ਪੰਜਾਬ ‘ਚ ਭਾਜਪਾ ਦੀ ਸਥਿਤੀ ਨੂੰ ਜ਼ਰੂਰੀ ਪਤਲੀ ਕਰ ਦੇਵੇਗਾ, ਜਿਥੇ ਉਸ ਦਾ ਗੱਠਜੋੜ ਰਾਜਨੀਤਿਕ ਹੋਣ ਦੇ ਨਾਲ ਸਮਾਜਿਕ ਵੀ ਸੀ ਤੇ ਦੋ ਵੱਖ-ਵੱਖ ਸਮੂਹਾਂ ਵਾਲੇ ਵੋਟਰਾਂ ਦਾ ਸਮਰਥਨ ਮਿਲਦਾ ਸੀ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਖੇਤੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਵਲੋਂ ਐੱਨ.ਡੀ.ਏ. ਛੱਡਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਤੇ ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਤੀਜੀ ਪਾਰਟੀ ਹੈ, ਜਿਸ ਨੇ ਗੱਠਜੋੜ ਨੂੰ ਤਿਆਗ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਤੇ ਪਾਰਟੀ ਦੇ ਰਾਜ ਸਭਾ ਮੈਂਬਰ ਡੈਰੇਕ ਓ ਬਰਾਇਨ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਅਕਾਲੀ ਦਲ ਤੇ ਸੁਖਬੀਰ ਸਿੰਘ ਵਲੋਂ ਕਿਸਾਨਾਂ ਦੇ ਹਿਤਾਂ ‘ਚ ਲਏ ਫੈਸਲੇ ਦਾ ਸਮਰਥਨ ਕਰਦੇ ਹਾਂ, ਕਿਉਂਕਿ ਕਿਸਾਨਾਂ ਦੇ ਹੱਕਾਂ ਲਈ ਲੜਨਾ ਤ੍ਰਿਣਮੂਲ ਦੇ ਡੀ.ਐੱਨ.ਏ. ‘ਚ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਸਰਪ੍ਰਸਤ ਸ਼ਰਦ ਪਵਾਰ ਵਲੋਂ ਵੀ ਟਵੀਟ ਕਰਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਨੂੰ ਕਿਸਾਨਾਂ ਨਾਲ ਖੜ੍ਹਨ ਲਈ ਧੰਨਵਾਦ ਕੀਤਾ ਗਿਆ। ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਵਲੋਂ ਵੀ ਅਕਾਲੀ ਦਲ ਵਲੋਂ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਸ਼ਲਾਘਾ ਕੀਤੀ ਗਈ।


Share