ਭਾਜਪਾ ਦੇ ਸਾਬਕਾ ਮੰਤਰੀ ਦਾ ਦਾਅਵਾ: ਨਵਜੋਤ ਸਿੱਧੂ ਭਾਜਪਾ ਵੱਲੋਂ ਲੜਨਗੇ 2022 ਦੀਆਂ ਵਿਧਾਨ ਸਭਾ ਚੋਣਾਂ!

589

ਪਠਾਨਕੋਟ, 7 ਅਕਤੂਬਰ (ਪੰਜਾਬ ਮੇਲ)- ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਨਵਜੋਤ ਸਿੱਧੂ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਕਿਸ ਪਾਰਟੀ ਨੂੰ ਆਪਣਾ ਸਮਰਥਨ ਦਿੰਦੇ ਹਨ।
ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਣ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇਤਾ ਹਨ ਅਤੇ ਉਹ ਇਮਾਨਦਾਰ ਪਾਰਟੀ ਭਾਜਪਾ ‘ਚ ਹੀ ਸ਼ਾਮਿਲ ਹੋਣਗੇ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਦੀ ਚੋਣਾਂ ‘ਚ ਸਿੱਧੂ ਭਾਜਪਾ ਦੇ ਫੁੱਲ ਦੇ ਨਿਸ਼ਾਨ ‘ਤੇ ਲੜਨਗੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਚੜ੍ਹਤ ਭਾਜਪਾ ‘ਚ ਹੋਵੇਗੀ, ਕਿਉਂਕਿ ਉਨ੍ਹਾਂ ਦਾ ਜਨਮ ਹੀ ਭਾਜਪਾ ‘ਚ ਹੋਇਆ ਹੈ। ਮਾਸਟਰ ਮੋਹਣ ਲਾਲ ਨੇ ਇਸ਼ਾਰਿਆਂ ‘ਚ ਕਿਹਾ ਕਿ ਉਨ੍ਹਾਂ ਨਾਲ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਦਾ ਮਨ ਕਾਂਗਰਸ ਪਾਰਟੀ ‘ਚ ਉਚਾਟ ਹੋ ਗਿਆ ਹੈ ਅਤੇ ਇਸ ਦਾ ਕਾਂਗਰਸ ਨੂੰ ਪਤਾ ਲੱਗ ਗਿਆ ਹੈ। ਭਾਜਪਾ ਨੇਤਾ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦੇ ਮੰਚ ‘ਤੇ ਬੈਠੇ ਤਾਂ ਜ਼ਰੂਰ ਹਨ ਪਰ ਉਹ ਕਿਨ੍ਹਾਂ ਹਾਲਾਤ ਵਿਚ ਹਨ ਇਹ ਦੇਖਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਤਿੰਨ ਦਿਨ ਲਗਾਤਾਰ ਸਿੱਧੂ ਦੇ ਘਰ ਜਾ ਕੇ ਬੈਠੇ ਰਹੇ ਤਾਂ ਜਾ ਕੇ ਸਿੱਧੂ ਰੈਲੀ ‘ਚ ਆਉਣ ਲਈ ਰਾਜ਼ੀ ਹੋਏ ਹਨ।