ਭਾਜਪਾ ਦੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ‘ਚ 1000 ਤੋਂ ਜ਼ਿਆਦਾ ਸਿੱਖ ਪਰਿਵਾਰਾਂ ਨੂੰ ਘਰੋਂ ਬੇਘਰ ਕੀਤੇ ਜਾਣ ਦਾ ਵਰਲਡ ਸਿੱਖ ਪਰਲੀਮੈਂਟ ਵੱਲੋਂ ਨੋਟਿਸ

1059
Share

ਵਾਸ਼ਿੰਗਟਨ, 21 ਜੂਨ (ਪੰਜਾਬ ਮੇਲ)-ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਲਹਿੰਦੇ ਪੰਜਾਬ ਵਿਚੋਂ ਉੱਜੜ ਕੇ ਆਏ ਸਿੱਖਾਂ ਨੂੰ ਭਾਰਤ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ‘ਚ ਜੰਗਲਾਂ ਵਿੱਚ ਬੇ ਆਬਾਦ ਜ਼ਮੀਨ ਅਲਾਟ ਕੀਤੀ ਗਈ ਸੀ । ਸਿੱਖਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਇਸ ਜ਼ਮੀਨ ਨੂੰ ਵਾਹੁਣ ਕਾਬਲ ਬਣਾਇਆ ਸੀ। ਅੱਜ ਜਦੋਂ ਇਹ ਜ਼ਮੀਨ ਪੂਰੀ ਤਰ੍ਹਾਂ ਆਬਾਦ ਹੈ, ਤਾਂ ਯੂ.ਪੀ. ਦੀ ਸਰਕਾਰ ਵੱਲੋਂ ਇਸ ਜ਼ਮੀਨ ਨੂੰ ਖੋਹਣ ਦੀ ਕਵਾਇਦ ਕੀਤੀ ਜਾ ਰਹੀ ਹੈ ।
1947 ਦੀ ਭਾਰਤ ਦੀ ਅਖੌਤੀ ਆਜ਼ਾਦੀ ਤੋਂ ਬਾਅਦ ਹੀ ਸਿੱਖ ਕੌਮ ਨਾਲ ਵਿਤਕਰਿਆਂ ਦਾ ਦੌਰ ਸ਼ੁਰੂ ਹੋ ਗਿਆ ਸੀ । ਅੱਜ 70 ਸਾਲ ਬਾਅਦ ਵੀ ਇਹ ਵਿਤਕਰੇ ਉਸੇ ਤਰ੍ਹਾਂ ਹੀ ਜਾਰੀ ਹਨ। ਨਾ ਸਿਰਫ ਜਾਰੀ ਹਨ, ਬਲਕਿ ਇਹ ਵਿਤਕਰੇ ਧੱਕੇਸ਼ਾਹੀ ਤੋਂ ਅੱਗੇ ਵਧ ਕੇ ਹੁਣ ਸਰਕਾਰੀ ਅੱਤਵਾਦ ਦਾ ਰੂਪ ਧਾਰਨ ਕਰ ਗਏ ਹਨ । ਸਿਰਫ ਯੂ.ਪੀ. ਹੀ ਨਹੀਂ, ਬਲਕਿ ਗੁਜਰਾਤ, ਮੱਧ ਪ੍ਰਦੇਸ਼ ਅਤੇ ਸਿਕਮ ਵਿਚ ਵੀ ਸਿੱਖਾਂ ਨੂੰ ਉਨ੍ਹਾਂ ਦੀ ਜ਼ਮੀਨਾਂ ਅਤੇ ਘਰਾਂ ਵਿਚੋਂ ਪਿਛਲੇ ਕੁਝ ਸਮੇਂ ਵਿਚ ਹੀ ਉਜਾੜਿਆ ਗਿਆ ਹੈ ਤੇ ਯੂ.ਪੀ. ਵਿਚ ਵਾਪਰੀ ਤਾਜ਼ੀ ਘਟਨਾ ਨਾਲ ਸਿੱਖਾਂ ਖਿਲਾਫ ਐਕਸ਼ਨ ਲਗਾਤਾਰ ਜਾਰੀ ਹਨ ।
ਜਦੋਂ ਉੱਤਰ ਪ੍ਰਦੇਸ਼ ‘ਚ ਬ੍ਰਾਹਮਣਵਾਦੀ ਬੀ.ਜੇ.ਪੀ. ਪਾਰਟੀ ਦੀ ਸਰਕਾਰ ਆਈ ਸੀ ਤੇ ਕੱਟੜ ਬ੍ਰਾਹਮਣਵਾਦੀ ਯੋਗੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਤਾਂ ਪੂਰੀ ਦੁਨੀਆਂ ਵਿਚ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਘੱਟ ਗਿਣਤੀਆਂ ਉੱਤੇ ਹਮਲਿਆਂ ਵਿਚ ਵਾਧਾ ਹੋ ਜਾਵੇਗਾ। ਇਹ ਖਦਸ਼ਾ ਹੁਣ ਸਿੱਖਾਂ ਲਈ ਸੱਚਾਈ ਦਾ ਰੂਪ ਧਾਰਨ ਕਰ ਗਿਆ ਹੈ ਤੇ 1000 ਤੋਂ ਵੱਧ ਸਿੱਖ ਪਰਿਵਾਰ ਯੋਗੀ ਸਰਕਾਰ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਨੂੰ ਨਾ ਸਿਰਫ ਘਰੋਂ ਉਜਾੜਿਆ ਜਾ ਰਿਹਾ ਹੈ, ਬਲਕਿ ਭੀੜ ਵੱਲੋਂ ਹਿੰਸਾ ਦਾ ਸ਼ਿਕਾਰ ਵੀ ਬਣਾਇਆ ਜਾ ਰਿਹਾ ਹੈ । ਸਰਕਾਰ ਵੱਲੋਂ ਸਿਖਾਂ ਦੀ ਜ਼ਮੀਨ ਖੋਹ ਕੇ ਉੱਥੇ ‘ਆਰਮਡ ਸੈਂਟਰ’ ਬਨਾਉਣ ਦਾ ਮਨਸੂਬਾ ਹੈ ।
ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਜਾੜੇ ਦਾ ਸਾਹਮਣਾ ਕਰ ਰਹੇ ਸਿੱਖਾਂ ਦੀ ਹਰ ਸੰਭਵ ਮਦਦ ਕੀਤੀ ਜਾਏ। ਵਰਲਡ ਸਿੱਖ ਪਾਰਲੀਮੈਂਟ ਉੱਤਰ ਪ੍ਰਦੇਸ਼ ਵਿਚ ਵਸਦੇ ਸਿੱਖਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਬਰਬਾਦੀ ਦੀ ਗੱਲ ਪੂਰੀ ਦੁਨੀਆ ਵਿਚ ਫੈਲਾਏਗੀ ਤਾਂ ਕਿ ਮੌਜੂਦਾ ਬ੍ਰਾਹਮਣਵਾਦੀ ਭਾਰਤ ਸਰਕਾਰ ਦਾ ਅਸਲ ਚੇਹਰਾ ਪੂਰੀ ਦੁਨੀਆ ਸਾਹਮਣੇ ਨੰਗਾ ਕੀਤਾ ਜਾ ਸਕੇ।


Share