ਭਾਜਪਾ ਦੀਆਂ ਵੀਡੀਓ’ਜ਼ ਹੋਣ ਲੱਗੀਆਂ ‘ਡਿਸਲਾਈਕ’

537
Share

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਘੇ ਹਫ਼ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ (ਨਾਪਸੰਦ) ਕੀਤੇ ਜਾਣ ਮਗਰੋਂ ਭਾਜਪਾ ਦੀਆਂ ਹੋਰਨਾਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕੀਤੇ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਰਿਹਾ ਜਿਸ ਕਾਰਨ ਭਾਜਪਾ ਨੂੰ ਪੋਸਟ ਕੀਤੀਆਂ ਜਾ ਰਹੀਆਂ ਵੀਡੀਓ’ਜ਼ ’ਚੋਂ ‘ਲਾਈਕ’ (ਪਸੰਦ) ਤੇ ‘ਡਿਸਲਾਈਕ’ ਵਾਲਾ ਬਟਨ ਹੀ ਹਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਬੀਤੇ ਦਿਨ ਆਪਣੇ ਅਧਿਕਾਰਤ ਚੈਨਲ ’ਤੇ ਪ੍ਰਧਾਨ ਮੰਤਰੀ ਵੱਲੋਂ ਇੱਕ ਮਹਿਲਾ ਪ੍ਰੋਬੇਸ਼ਨਰ ਨਾਲ ਕੀਤੀ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ ਗਈ ਪਰ ਇਸ ਨੂੰ ਵੀ ‘ਲਾਈਕ’ ਤੋਂ ਜ਼ਿਆਦਾ ‘ਡਿਸਲਾਈਕ’ ਮਿਲੇ ਹਨ। ਇਸੇ ਚਿੰਤਾ ਕਾਰਨ ਭਾਜਪਾ ਨੇ ਪ੍ਰਧਾਨ ਮੰਤਰੀ ਵੱਲੋਂ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਕੀਤੀ ਗੱਲਬਾਤ ਦੀ ਵੀਡੀਓ ’ਚੋਂ ‘ਲਾਈਕ’ ਜਾਂ ‘ਡਿਸਲਾਈਕ’ ਦਾ ਬਟਨ ਹਟਾਉਣ ਦਾ ਫ਼ੈਸਲਾ ਕੀਤਾ ਸੀ। ਇਹ ਸਭ ਕੁਝ ‘ਅਮਰੀਕਾ-ਭਾਰਤ ਰਣਨੀਤਕ ਤੇ ਭਾਈਵਾਲੀ ਮੰਚ’ ਦੇ ਤੀਜੇ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਵੀ ਹੋਇਆ ਜਿਸ ਨੂੰ ਮਿਲੇ ‘ਲਾਈਕਸ’ ਦੀ ਗਿਣਤੀ ‘ਡਿਸਲਾਈਕਸ’ (ਇੱਕ ਲੱਖ ਤੋਂ ਵੱਧ) ਤੋਂ ਤਕਰੀਬਨ ਅੱਧੀ ਸੀ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਕੰਮਾਂ ਸਬੰਧੀ ਐਨੀਮੇਟਡ ਵੀਡੀਓ ਨੂੰ ਵੀ ‘ਲਾਈਕਸ’ ਨਾਲੋਂ ਵੱਧ ‘ਡਿਸਲਾਈਕਸ’ ਮਿਲੇ ਹਨ। ਭਾਰਤੀ ਜਨਤਾ ਪਾਰਟੀ ਦੀਆਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕਰਨ ਦਾ ਰੁਝਾਨ ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰਨਾਂ ਵੱਖ ਵੱਖ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀਆਂ ਤਿਆਰੀਆ ’ਚ ਲੱਗੇ ਨੌਜਵਾਨਾਂ ਦੇ ਗੁੱਸੇ ਦੇ ਰੂਪ ’ਚ ਸਾਹਮਣੇ ਆਇਆ ਹੈ ਕਿਉਂਕਿ ਉਹ ਨਤੀਜਿਆਂ, ਭਰਤੀ ਨੋਟੀਫਿਕੇਸ਼ਨ ਤੇ ਦਾਖਲਾ ਕਾਰਡ ਜਾਰੀ ਹੋਣ ’ਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਹਨ। ਭਾਜਪਾ ਦੇ ਚੈਨਲ ’ਤੇ ਵੀਡੀਓ’ਜ਼ ਨੂੰ ‘ਡਿਸਲਾਈਕ’ ਕਰਨ ਦਾ ਸਿਲਸਿਲਾ ਲੰਘੇ ਐਤਵਾਰ ਤੋਂ ਸ਼ੁਰੂ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਨੌਕਰੀਆਂ ਬਾਰੇ ਕੁਝ ਕਹਿਣਗੇ ਪਰ ਉਹ ਹੋਰਨਾਂ ਵਿਸ਼ਿਆਂ ਬਾਰੇ ਬੋਲਦੇ ਰਹੇ। ਇਸ ਮਗਰੋਂ ਜਲਦੀ ਹੀ ਸੋਸ਼ਲ ਮੀਡੀਆ ’ਤੇ ‘ਡਿਸਲਾਈਕਸ’ ਰੁਝਾਨ ਸ਼ੁਰੂ ਹੋ ਗਿਆ ਕਿ ਪ੍ਰਧਾਨ ਮੰਤਰੀ ਦੇਸ਼ ਭਰ ’ਚ ਲੱਖਾਂ ਲੋਕਾਂ ਦੀ ਜ਼ਿੰਦਗੀ ਤੇ ਕਰੀਅਰ ਜਿਹੇ ਅਹਿਮ ਮੁੱਦਿਆਂ ’ਤੇ ਗੱਲ ਕਿਉਂ ਨਹੀਂ ਕਰ ਰਹੇ।


Share