ਭਾਜਪਾ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਾ ਰਿਹਾ; ‘ਆਪ’ ਨੇ ਖਾਤਾ ਖੋਲ੍ਹਿਆ

55
ਆਪਣੇ ਪੁੱਤਰ ਕਰਨ ਚੌਟਾਲਾ ਦੀ ਜਿੱਤ ਤੋਂ ਬਾਅਦ ਹਮਾਇਤੀਆਂ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਧਾਇਕ ਅਭੈ ਚੌਟਾਲਾ।

ਹਰਿਆਣਾ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਨਤੀਜੇ

ਚੰਡੀਗੜ੍ਹ, 28 ਨਵੰਬਰ (ਪੰਜਾਬ ਮੇਲ)- ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚ ਹੋਈਆਂ 22 ਜ਼ਿਲ੍ਹਾ ਪਰਿਸ਼ਦਾਂ ਅਤੇ 143 ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਭਾਜਪਾ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ ਹੈ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੀ ਹੈ। ਹਰਿਆਣਾ ਵਿੱਚ 22 ਜ਼ਿਲ੍ਹਾ ਪਰਿਸ਼ਦਾਂ ਵਿੱਚ 411 ਮੈਂਬਰ ਅਤੇ 143 ਪੰਚਾਇਤ ਸਮਿਤੀਆਂ ਵਿੱਚ 3081 ਮੈਂਬਰ ਹਨ, ਜਿਨ੍ਹਾਂ ਵੱਲੋਂ ਆਪਣੇ ਪ੍ਰਧਾਨਾਂ ਦੀ ਚੋਣ ਕੀਤੀ ਜਾਵੇਗੀ। ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ 411 ਵਿੱਚੋਂ ਭਾਜਪਾ ਨੇ 7 ਜ਼ਿਲ੍ਹਿਆਂ ਵਿੱਚ 102 ਉਮੀਦਵਾਰਾਂ ਨੂੰ ਆਪਣੇ ਚੋਣ ਨਿਸ਼ਾਨ ‘ਤੇ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਸ ਵਿੱਚੋਂ 23 ਮੈਂਬਰਾਂ ਨੇ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਮੈਦਾਨ ਵਿੱਚ ਉਤਾਰੇ 100 ਦੇ ਕਰੀਬ ਉਮੀਦਵਾਰਾਂ ਵਿੱਚੋਂ 15 ਮੈਂਬਰਾਂ ਨੇ ਜਿੱਤ ਹਾਸਲ ਕੀਤੀ ਹੈ। ਉਧਰ ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ ਆਪਣੇ ਚੋਣ ਨਿਸ਼ਾਨ ਦੀ ਥਾਂ ਆਜ਼ਾਦ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਇਨ੍ਹਾਂ ਚੋਣਾਂ ਦੌਰਾਨ 300 ਦੇ ਕਰੀਬ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਅੰਬਾਲਾ ਦੇ ਵਾਰਡ ਨੰਬਰ-4 ਤੋਂ ਹਾਰ ਗਈ ਹੈ। ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਨੇ 236 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਦੇ ਪੁੱਤਰ ਕਰਨ ਚੌਟਾਲਾ ਨੇ ਸਿਰਸਾ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਵਾਰਡ ਨੰਬਰ 6 ਤੋਂ 600 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਸ਼ਾਹਬਾਦ ਤੋਂ ਵਿਧਾਇਕ ਰਾਮ ਕਰਨ ਲਾਲਾ ਦੇ ਪੁੱਤਰ ਕੰਵਰਪਾਲ ਨੇ ਕੁਰੂਕਸ਼ੇਤਰ ਵਿੱਚ ਜਿੱਤ ਹਾਸਲ ਕੀਤੀ ਹੈ। ਹਰਿਆਣਾ ਭਾਜਪਾ ਦੇ ਪ੍ਰਧਾਨ ਓਪੀ ਧਨਖੜ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਭਾਜਪਾ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਨ੍ਹਾਂ ਚੋਣਾਂ ਨੂੰ ਜ਼ਿਲ੍ਹਾ ਇਕਾਈਆਂ ਦੇ ਸਿਰ ਲੜਨ ਦਾ ਫ਼ੈਸਲਾ ਕੀਤਾ ਸੀ, ਜਿਸ ਕਾਰਨ ਭਾਜਪਾ ਸਾਰੀਆਂ ਸੀਟਾਂ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਵੀ ਨਹੀਂ ਲੜੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਭਾਵੇਂ 102 ਵਿੱਚੋਂ 23 ‘ਤੇ ਜਿੱਤ ਹਾਸਲ ਕੀਤੀ ਹੈ ਪਰ ਭਾਜਪਾ ਦੇ ਵਧੇਰੇ ਉਮੀਦਵਾਰ ਆਜ਼ਾਦ ਤੌਰ ‘ਤੇ ਚੋਣ ਜਿੱਤੇ ਹਨ। ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਨਿਸ਼ਾਨ ‘ਤੇ ਚੋਣਾਂ ਨਹੀਂ ਲੜੀਆਂ ਅਤੇ ਵਧੇਰੇ ਕਾਂਗਰਸੀ ਆਗੂਆਂ ਨੇ ਬਤੌਰ ਆਜ਼ਾਦ ਉਮੀਦਵਾਰ ਜਿੱਤ ਹਾਸਲ ਕੀਤੀ ਹੈ। ‘ਆਪ’ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੌਰਾਨ ‘ਆਪ’ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸਿਰਸਾ ਅਤੇ ਅੰਬਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਨਾਉਣ ਲਈ ਦਾਅਵਾ ਪੇਸ਼ ਕਰੇਗੀ। ਸ੍ਰੀ ਗੁਪਤਾ ਨੇ ਕਿਹਾ ਕਿ ਹਰਿਆਣਾ ‘ਚ ਪੰਚਾਇਤੀ ਚੋਣਾਂ ਦੌਰਾਨ ਲੋਕਾਂ ਦੀ ਪਸੰਦ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਹੋਰ ਵਧੀਆ ਪ੍ਰਦਰਸ਼ਨ ਕਰੇਗੀ।

ਪੰਚਕੂਲਾ ਵਿੱਚ ਭਾਜਪਾ ਖਾਤਾ ਖੋਲ੍ਹਣ ‘ਚ ਰਹੀ ਨਾਕਾਮ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਭਾਜਪਾ ਨੇ ਪੰਚਕੂਲਾ, ਸਿਰਸਾ, ਅੰਬਾਲਾ, ਕੁਰੂਕਸ਼ੇਤਰ, ਗੁਰੂਗ੍ਰਾਮ, ਨੂਹ ਅਤੇ ਯਮੁਨਾਨਗਰ ਵਿੱਚ 102 ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨ ‘ਤੇ ਉਤਾਰਿਆ ਸੀ। ਪਾਰਟੀ ਪੰਚਕੂਲਾ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ ਹੈ। ਪੰਚਕੂਲਾ ਦੀਆਂ 10 ਸੀਟਾਂ ‘ਤੇ ਭਾਜਪਾ ਨੇ ਪਾਰਟੀ ਚੋਣ ਨਿਸ਼ਾਨ ‘ਤੇ ਉਮੀਦਵਾਰਾਂ ਨੂੰ ਉਤਾਰਿਆ ਸੀ, ਪਰ ਸਾਰੀਆਂ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਇਹ ਜੇਤੂ ਉਮੀਦਵਾਰ ਜੇਜੇਪੀ ਅਤੇ ਕਾਂਗਰਸ ਦੇ ਹਮਾਇਤੀ ਦੱਸੇ ਜਾ ਰਹੇ ਹਨ।