ਭਾਜਪਾ ਜਾਂਚ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤ ਰਹੀ ਹੈ : ਕਨ੍ਹੱਈਆ ਕੁਮਾਰ

206
ਕਨ੍ਹੱਈਆ ਕੁਮਾਰ ਅਤੇ ਹੋਰ ਪਾਰਟੀ ਆਗੂ ਜਲੰਧਰ ਵਿੱਚ ਬੇਰੁਜ਼ਗਾਰੀ ਸਬੰਧੀ ਇੱਕ ਦਸਤਾਵੇਜ਼ ਜਾਰੀ ਕਰਦੇ ਹੋਏ।
Share

-ਚੰਨੀ ਦੇ ਭਾਣਜੇ ਦੀ ਗਿ੍ਰਫ਼ਤਾਰੀ ਦੇ ਮੁੱਦੇ ’ਤੇ ਕਾਂਗਰਸ ਆਗੂ ਵੱਲੋਂ ਮੁੱਖ ਮੰਤਰੀ ਦਾ ਬਚਾਅ
ਜਲੰਧਰ, 6 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਈਡੀ ਵੱਲੋਂ ਕੀਤੀ ਗਈ ਗਿ੍ਰਫ਼ਤਾਰੀ ਅਤੇ ਛਾਪੇ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਮਾਮਲੇ ’ਚ ਚੰਨੀ ਦਾ ਬਚਾਅ ਕਰਦਿਆਂ ਕਾਂਗਰਸ ਦੇ ਕੌਮੀ ਬੁਲਾਰੇ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਭਾਜਪਾ ਜਾਂਚ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰੀ ਏਜੰਸੀਆਂ ਦੇ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਬਹੁਤ ਵਧੀਆ ਰੁਤਬਿਆਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਕਰਕੇ ਉਹ ਉਨ੍ਹਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ। ਕਾਂਗਰਸ ਦੇ ਨੌਜਵਾਨ ਆਗੂ ਕਨ੍ਹੱਈਆ ਕੁਮਾਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਕੇਂਦਰੀ ਏਜੰਸੀਆਂ ਨੂੰ ਇਹ ਪੇਸ਼ਕਸ਼ ਕਰ ਰਹੀ ਹੈ ਕਿ ਉਹ ਪਾਰਟੀ ਲਈ ਕੰਮ ਕਰਨ ਤੇ ਉਨ੍ਹਾਂ ਨੂੰ ਮੁੜ ਵਧੀਆ ‘ਨੌਕਰੀ’ ’ਤੇ ਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈ.ਡੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਹਨ ਤੇ ਉਨ੍ਹਾਂ ਨੂੰ ਲਖਨਊ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਹਾਲਾਂਕਿ ਕਨ੍ਹੱਈਆ ਕੁਮਾਰ ਨੇ ਈ.ਡੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ। ਕਨ੍ਹੱਈਆ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਦਾ ਮਜ਼ਾਕ ਉਡਾਉਣ ਲਈ ਪਾਈਆਂ ਵੀਡੀਓਜ਼ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹਰ ਗਰੀਬ ਬੰਦੇ ਨੂੰ ਹਾਲਾਤ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਨ ਲਈ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਭਾਵੇਂ ਚਰਨਜੀਤ ਚੰਨੀ ਟੈਂਟ ਲਾਉਂਦੇ ਰਹੇ ਜਾਂ ਪਟਾਕੇ ਵੇਚਦੇ ਰਹੇ ਸਨ ਪਰ ਉਨ੍ਹਾਂ ਨੂੰ ਜਿਵੇਂ ਸੋਸ਼ਲ ਮੀਡੀਆ ’ਤੇ ਵਿਰੋਧੀ ਧਿਰਾਂ ਟਰੋਲ ਕਰ ਰਹੀਆਂ ਹਨ, ਅਸਲ ਵਿਚ ਉਹ ਗਰੀਬਾਂ ਦਾ ਮਜ਼ਾਕ ਉਡਾ ਰਹੀਆਂ ਹਨ। ਕਨ੍ਹੱਈਆ ਨੇ ਕਿਹਾ ਕਿ ਗਰੀਬੀ ਦੌਰਾਨ ਉਨ੍ਹਾਂ ਨੇ ਵੀ ਪੋਲੀਓ ਬੂੰਦਾਂ ਪਿਲਾਉਣ, ਕੋਚਿੰਗ ਸੈਂਟਰ ਵਿਚ ਕੰਮ ਕਰਨ, ਏਅਰਕੰਡੀਸ਼ਨਰ ਤੇ ਫਰਿੱਜਾਂ ਦੀ ਮੁਰੰਮਤ ਕਰਨ ਦੇ ਕੰਮ ਕੀਤੇ ਹਨ। ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਸੰਘਰਸ਼ ਕਰਨਾ ਪੈਂਦਾ ਹੈ ਪਰ ਕੋਈ ਨਹੀਂ ਜਾਣਦਾ ਕਿ ਕਿਸਮਤ ਉਨ੍ਹਾਂ ਨੂੰ ਕਿੱਥੇ ਲੈ ਜਾਵੇਗੀ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਵੀ ਯੂ.ਪੀ.ਐੱਸ.ਸੀ. ਪਾਸ ਕਰਨ ਦਾ ਸੀ ਪਰ ਉਹ ਸਿਆਸਤਦਾਨ ਬਣ ਗਏ। ਇਹ ਤਾਂ ਅਮੀਰ ਲੋਕਾਂ ਦੇ ਬੱਚੇ ਬਚਪਨ ਤੋਂ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਕਿਹੋ ਜਿਹੇ ਹੋਣਾ ਹੈ। ਰਾਜੇ ਦਾ ਪੁੱਤਰ ਇਕ ਦਿਨ ਰਾਜਾ ਬਣ ਜਾਂਦਾ ਹੈ ਤੇ ਡਾਕਟਰ ਦਾ ਪੁੱਤਰ ਡਾਕਟਰ ਬਣ ਜਾਂਦਾ ਹੈ।

Share