ਭਾਜਪਾ ਉਮੀਦਵਾਰ ਦੀ ਕਾਰ ’ਚ ਈਵੀਐੱਮ ਮਿਲਣ ਮਗਰੋਂ ਮੁੜ ਚੋਣ ਕਰਾਉਣ ਦਾ ਹੁਕਮ

438
Share

ਗੁਹਾਟੀ, 3 ਅਪ੍ਰੈਲ (ਪੰਜਾਬ ਮੇਲ)- ਅਸਾਮ ਦੇ ਕਰੀਮਗੰਜ ਜ਼ਿਲ੍ਹੇ ’ਚ ਉਸ ਸਮੇਂ ਹਿੰਸਾ ਭੜਕ ਗਈ ਜਦੋਂ ਭਾਜਪਾ ਉਮੀਦਵਾਰ ਦੇ ਵਾਹਨ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ, ਈਵੀਐੱਮ ਮਿਲੀ। ਪੁਲੀਸ ਨੂੰ ਹਾਲਾਤ ਕਾਬੂ ਹੇਠ ਕਰਨ ਲਈ ਹਵਾ ’ਚ ਗੋਲੀਆਂ ਚਲਾਉਣੀਆਂ ਪਈਆਂ। ਇਸ ਘਟਨਾ ਮਗਰੋਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵਿਰੋਧੀ ਧਿਰ ਕਾਂਗਰਸ ਅਤੇ ਏਆਈਯੂਡੀਐੱਫ ਨੇ ਦੋਸ਼ ਲਾਇਆ ਕਿ ਈਵੀਐੱਮਜ਼ ‘ਚੋਰੀ’ ਕੀਤੀਆਂ ਜਾ ਰਹੀਆਂ ਹਨ। ਉਧਰ ਸੋਸ਼ਲ ਮੀਡੀਆ ’ਤੇ ਘਟਨਾ ਦਾ ਵੀਡੀਓ ਵਾਇਰਲ ਹੋਣ ਮਗਰੋਂ ਚੋਣ ਕਮਿਸ਼ਨ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਬੂਥ ’ਤੇ ਮੁੜ ਤੋਂ ਚੋਣ ਕਰਵਾਏ ਜਾਣ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਰਤਾਬਾੜੀ ਹਲਕੇ ’ਚ 149-ਇੰਦਰਾ ਐੱਮ ਵੀ ਸਕੂਲ ਦੀ ਪੋਲਿੰਗ ਪਾਰਟੀ ਦਾ ਵਾਹਨ ਕਰੀਮਗੰਜ ਕਸਬੇ ਦੇ ਸਟਰਾਂਗ ਰੂਮ ਤੱਕ ਪਹੁੰਚਣ ਤੋਂ ਉਸ ਨੂੰ ਘੇਰ ਲਿਆ। ਭੀੜ, ਜਿਸ ’ਚ ਜ਼ਿਆਦਾਤਰ ਏਆਈਯੂਡੀਐੱਫ ਅਤੇ ਕਾਂਗਰਸ ਦੇ ਹਮਾਇਤੀ ਸਨ, ਨੇ ਦਾਅਵਾ ਕੀਤਾ ਕਿ ਈਵੀਐੱਮਜ਼ ਨਾਲ ਛੇੜਖਾਨੀ ਦੇ ਇਰਾਦੇ ਨਾਲ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਦੇ ਵਾਹਨ ’ਚ ਲਿਆਂਦਾ ਜਾ ਰਿਹਾ ਸੀ। ਭੀੜ ਨੇ ਵਾਹਨ ਦੀ ਭੰਨ-ਤੋੜ ਦੇ ਨਾਲ ਨਾਲ ਅਧਿਕਾਰੀਆਂ ਨਾਲ ਖਿੱਚ-ਧੂਹ ਕੀਤੀ ਜਿਸ ਮਗਰੋਂ ਪੋਲਿੰਗ ਪਾਰਟੀ ਈਵੀਐੱਮਜ਼ ਮੌਕੇ ’ਤੇ ਹੀ ਛੱਡ ਕੇ ਭੱਜ ਗਈ।


Share