ਭਾਜਪਾ ਆਗੂ ਸ਼ਵੇਤ ਮਲਿਕ ਨੂੰ ਕਰਨਾ ਪਿਆ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ

75
ਬਠਿੰਡਾ ਏਮਸ ਦੇ ਗੇਟ ਅੱਗੇ ਸ਼ਵੇਤ ਮਲਿਕ ਦਾ ਵਿਰੋਧ ਕਰਦੇ ਹੋਏ ਕਿਸਾਨ।
Share

-ਏਮਸ ਦੀ ਕੰਧ ਟਪਾ ਕੇ ਸੁਰੱਖਿਅਤ ਬਾਹਰ ਕੱਢਿਆ
* ਕਿਸਾਨਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ; ਸਟੇਟ ਕਮੇਟੀ ਦੀ ਮੀਟਿੰਗ ’ਚ ਲੈਣ ਆਏ ਸਨ ਹਿੱਸਾ
ਬਠਿੰਡਾ, 1 ਜੁਲਾਈ (ਪੰਜਾਬ ਮੇਲ)-ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਬੁੱਧਵਾਰ ਉਸ ਵੇਲੇ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਠਿੰਡਾ (ਏਮਸ) ਵਿਖੇ ਰੱਖੀ ਗਈ ਸਟੇਟ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ। ਉਨ੍ਹਾਂ ਨੂੰ ਏਮਸ ਦੀ ਕੰਧ ਪਾਰ ਕਰਵਾ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ। ਮੀਟਿੰਗ ’ਚ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸ਼ਮੂਲੀਅਤ ਕੀਤੀ।
ਕਿਸਾਨ ਜਥੇਬੰਦੀਆਂ ਨੂੰ ਜਦੋਂ ਸ਼ਵੇਤ ਮਲਿਕ ਦੇ ਪੁੱਜਣ ਦੀ ਖ਼ਬਰ ਮਿਲੀ ਤਾਂ ਬੀ.ਕੇ.ਯੂ. ਉਗਰਾਹਾਂ, ਬੀ.ਕੇ.ਯੂ. ਸਿੱਧੂਪੁਰ, ਬੀ.ਕੇ.ਯੂ. ਡਕੌਂਦਾ ਅਤੇ ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨ ਏਮਸ ਪੁੱਜ ਗਏ। ਉਂਜ ਹਸਪਤਾਲ ਦੇ ਮੁੱਖ ਗੇਟ ’ਤੇ ਪੁਲਿਸ ਵੱਲੋਂ ਸਵੇਰੇ ਤੋਂ ਹੀ ਬੈਰੀਕੇਡਿੰਗ ਕੀਤੀ ਹੋਈ ਸੀ ਪਰ ਜਦੋਂ ਸਵੇਰੇ 10 ਵਜੇ ਦੇ ਕਰੀਬ ਸ਼ਵੇਤ ਮਲਿਕ ਆਪਣੇ ਕਾਫਲੇ ਨਾਲ ਏਮਸ ਅੰਦਰ ਦਾਖ਼ਲ ਹੋਣ ਲੱਗੇ, ਤਾਂ ਕਿਸਾਨ ਜਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀ ਝੰਡੀਆਂ ਦਿਖਾਈਆਂ। ਕਿਸਾਨ ਕੇਂਦਰ ਸਰਕਾਰ ਮੁਰਦਾਬਾਦ, ਬੀ.ਜੇ.ਪੀ. ਮੁਰਦਾਬਾਦ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਗਾ ਰਹੇ ਸਨ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਵੱਡੇ ਲਾਮ-ਲਸ਼ਕਰ ਨਾਲ ਹਾਜ਼ਰ ਸਨ।
ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ, ਡਕੌਂਦਾ ਦੇ ਬੂਟਾ ਸਿੰਘ ਤੁੰਗਵਾਲੀ ਅਤੇ ਜਮਹੂਰੀ ਕਿਸਾਨ ਸਭਾ ਦਰਸ਼ਨ ਸਿੰਘ ਫੁੱਲੋਮਿੱਠੀ ਨੇ ਦੱਸਿਆ ਕਿ ਸਵੇਰ ਵੇਲੇ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਪੁਲਿਸ ਨੇ ਸ਼ਵੇਤ ਮਲਿਕ ਦੀ ਗੱਡੀ ਨੂੰ ਏਮਸ ਅੰਦਰ ਦਾਖ਼ਲ ਕਰਵਾ ਦਿੱਤਾ ਸੀ ਪਰ ਬਾਅਦ ’ਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋ ਗਏ ਸਨ। ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦਾਅਵਾ ਕੀਤਾ ਕਿ ਕਿਸਾਨ ਰੋਹ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਹਸਪਤਾਲ ਅੰਦਰਲੀ ਕੰਧ ਦੇ ਨਾਲ ਸਪੈਸ਼ਲ ਰੈਂਪ ਬਣਾ ਕੇ ਕੰਧ ਉਪਰ ਲੱਗੀ ਤਾਰ ਕਟਵਾ ਕੇ ਬਾਹਰ ਕੱਢਿਆ। ਜਥੇਬੰਦੀਆਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਖੁਦ ਗੱਡੀਆਂ ਦੇ ਦਰਵਾਜ਼ੇ ਖੁਲ੍ਹਵਾ ਕੇ ਕਿਸਾਨ ਆਗੂਆਂ ਦੀ ਤਸੱਲੀ ਕਰਵਾਈ ਕਿ ਉਨ੍ਹਾਂ ’ਚ ਸ਼ਵੇਤ ਮਲਿਕ ਨਹੀਂ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਯੁੰਕਤ ਮੋਰਚੇ ਦੇ ਸੱਦੇ ’ਤੇ ਭਾਜਪਾ ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਐੱਸ.ਐੱਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਪੁਸ਼ਟੀ ਕੀਤੀ ਹੈ ਕਿ ਸ਼ਵੇਤ ਮਲਿਕ ਨੂੰ ਆਰਜ਼ੀ ਰੈਂਪ ਕੱਢ ਕੇ ਬਦਲਵੇਂ ਰੂਟ ’ਤੇ ਰਵਾਨਾ ਕੀਤਾ ਗਿਆ।

Share