ਭਾਈ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ

726
Share

-ਕਿਹਾ, ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਗੁਰੂ ਘਰਾਂ ’ਚ ਰੱਖੇ ਜਾਣ
-ਸਰਾਂਵਾਂ ’ਚ ਸਭ ਸਹੂਲਤਾਂ ਹੁੰਦਿਆਂ ਸ਼ਰਧਾਲੂਆਂ ਦੇ ਇਕਾਂਤਵਾਸ ਲਈ ਆਰਜ਼ੀ ਪ੍ਰਬੰਧਾਂ ਦੀ ਕੀ ਲੋੜ: ਭਾਈ ਲੌਂਗੋਵਾਲ

ਅੰਮ੍ਰਿਤਸਰ, 2 ਮਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਕਿਹਾ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਤੋਂ ਪਰਤੇ ਸ਼ਰਧਾਲੂਆਂ ਨੂੰ ਇਕਾਂਤਵਾਸ ਕਰਨ ਲਈ ਗੁਰਦੁਆਰਾ ਸਾਹਿਬਾਨ ਦੀਆਂ ਸਰਾਂਵਾਂ ਵਰਤੀਆਂ ਜਾਣ। ਭਾਈ ਲੌਂਗੋਵਾਲ ਨੇ ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਵਿਚ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਅਪੀਲ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁੱਖ ਮਤਰੀ ਨੂੰ ਲਿਖਿਆ ਹੈ ਕਿ ਗੁਰੂ ਘਰਾਂ ਦੀਆਂ ਸਰਾਂਵਾਂ ਵਿਚ ਹਰ ਪ੍ਰਕਾਰ ਦੇ ਪ੍ਰਬੰਧ ਹਨ, ਇਸ ਲਈ ਸਰਕਾਰ ਸ਼ਰਧਾਲੂਆਂ ਨੂੰ ਹੋਰ ਕਿਤੇ ਠਹਿਰਾਉਣ ਦੀ ਬਜਾਏ ਸਰਾਂਵਾਂ ਵਿਚ ਲਿਆਏ। ਇਸ ਸਬੰਧ ਵਿਚ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨਾਂ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਕੁਝ ਗੁਰੂ ਘਰਾਂ ਅੰਦਰ ਸ਼ਰਧਾਲੂਆਂ ਨੂੰ ਅਲਹਿਦਾ ਕੀਤਾ ਗਿਆ ਹੈ, ਲੇਕਿਨ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਸਾਰੇ ਸ਼ਰਧਾਲੂ ਗੁਰਦੁਅਰਿਆਂ ਦੀਆਂ ਸਰਾਂਵਾਂ ਵਿਚ ਹੀ ਰੱਖੇ ਜਾਣ। ਸ਼੍ਰੋਮਣੀ ਕਮੇਟੀ ਸ਼ਰਧਾਲੂਆਂ ਨੂੰ ਸੰਭਾਲਣ ਦੇ ਨਾਲ-ਨਾਲ ਲੰਗਰ ਤੇ ਸਿਹਤ ਸਹੂਲਤਾਂ ਲਈ ਵੀ ਸਹਿਯੋਗ ਕਰਨ ਨੂੰ ਤਿਆਰ ਬਰ ਤਿਆਰ ਹੈ।
ਇਸੇ ਦੌਰਾਨ ਭਾਈ ਲੌਂਗੋਵਾਲ ਨੇ ਇੱਕ ਬਿਆਨ ਵਿਚ ਕਿਹਾ ਕਿ ਬਹੁਤ ਸਾਰੇ ਸ਼ਰਧਾਲੂਆਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਉਹ ਆਪਣੀਆਂ ਮੁਸ਼ਕਿਲਾਂ ਦਾ ਜ਼ਿਕਰ ਕਰ ਰਹੇ ਹਨ। ਕਈ ਥਾਵਾਂ ’ਤੇ ਰਹਿਣ ਦੀ ਮੁਸ਼ਕਿਲ ਹੈ ਅਤੇ ਕਿਧਰੇ ਪਖਾਨਿਆਂ ਦੀ ਕਮੀ ਹੈ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਿਆਂ ਅੰਦਰ ਵਧੀਆ ਸਰਾਂਵਾਂ ਮੌਜੂਦ ਹਨ। ਸਾਫ ਸੁਥਰੇ ਕਮਰੇ ਤੇ ਬਾਥਰੂਮ ਹਨ, ਜਿਥੇ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਅੰਦਰ ਰਿਹਾਇਸ਼, ਲੰਗਰ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਦੇ ਹੁੰਦਿਆਂ ਪੰਜਾਬ ਸਰਕਾਰ ਵੱਲੋਂ ਆਰਜੀ ਪ੍ਰਬੰਧ ਹੈਰਾਨੀ ਪੈਦਾ ਕਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸਰਾਂਵਾਂ ਨੂੰ ਅਲਹਿਦਗੀ ਕੇਂਦਰ ਬਣਾਉਣ ਲਈ ਸਰਕਾਰ ਨੂੰ ਸੂਚਿਤ ਕੀਤਾ ਸੀ। ਪਰੰਤੂ ਸਰਕਾਰ ਸਰਾਂਵਾਂ ਨੂੰ ਕਿਉਂ ਨਹੀਂ ਵਰਤਣਾ ਚਾਹੁੰਦੀ  ਸਮਝ ਤੋਂ ਪਰ੍ਹੇ ਹੈ।


Share