ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਿੱਲੀ ਵਿਧਾਨ ਸਭਾ ਦੇ ਬਾਹਰ ਹੋਇਆ ਰੋਸ਼ ਪ੍ਰਦਰਸ਼ਨ

251
Share

ਭਾਈ ਭੁੱਲਰ ਦੀ 17 ਮਹੀਨਿਆਂ ਦੀ ਗੈਰ-ਕਾਨੂੰਨੀ ਨਜ਼ਰਬੰਦੀ ਲਈ ਕੇਜਰੀਵਾਲ ਸਰਕਾਰ ਜ਼ਿੰਮੇਵਾਰ : ਜੀ.ਕੇ.
ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਪਾਸੋਂ 2019 ਵਿੱਚ ਸਜ਼ਾ ਮੁਆਫ਼ੀ ਪ੍ਰਾਪਤ ਕਰ ਚੁੱਕੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ (ਐਸ.ਆਰ.ਬੀ.) ਵੱਲੋਂ 5ਵੀਂ ਵਾਰ ਟਾਲਣ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਦਿੱਲੀ ਵਿਧਾਨ ਸਭਾ ਦੇ ਬਾਹਰ ਰੋਸ਼ ਪ੍ਰਦਰਸਨ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਨੇ ਭਾਈ ਭੁੱਲਰ ਦੀ ਰਿਹਾਈ ਦੀ ਮੰਗ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਭਵਨ ਦੇ ਬਾਹਰ ਬੋਲਦਿਆਂ ਜੀਕੇ ਨੇ ਕਿਹਾ ਮੇਰੇ ਪਿੱਛੇ ਤਿਰੰਗਾ ਝੰਡਾ ਲਹਿਰਾ ਰਿਹਾ ਹੈ ਅਤੇ ਕੇਜਰੀਵਾਲ ਸਰਕਾਰ ਇੱਥੇ ਬੈਠਕੇ ਕਾਨੂੰਨ ਬਣਾਉਂਦੀ ਹੈ। ਪਰ ਜਿਸ ਤਰੀਕੇ ਨਾਲ ਕੇਜਰੀਵਾਲ ਸਰਕਾਰ ਸਮੁੱਚੀ ਸੰਵਿਧਾਨਕ ਵਿਵਸਥਾ ਨੂੰ ਛਿੱਕੇ ਟੰਗ ਕੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਉਮਰ ਭਰ ਲਈ ਜੇਲ੍ਹ ਵਿੱਚ ਰੱਖਣਾ ਚਾਹੁੰਦੀ ਹੈ, ਉਹ ਠੀਕ ਨਹੀਂ ਹੈ। ਕਿਉਂਕਿ ਭਾਈ ਭੁੱਲਰ ਦੀ ਰਿਹਾਈ ਕੌਮ ਦੇ ਏਜੰਡੇ ‘ਚ ਹੈ, ਇਸ ਲਈ ਕੇਜਰੀਵਾਲ ਇਸ ਯੋਜਨਾ ਨੂੰ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰੱਖ ਸਕਣਗੇ, ਭਾਈ ਭੁੱਲਰ ਦੀ ਰਿਹਾਈ ਕਿਸੇ ਵੀ ਹਾਲਤ ‘ਚ ਕਰਵਾਈ ਜਾਵੇਗੀ। ਜੀਕੇ ਨੇ ਦਾਅਵਾ ਕੀਤਾ ਕਿ ਭਾਈ ਭੁੱਲਰ ਨੇ ਦੋ ਉਮਰ ਕੈਦ ਦੀ ਸਜ਼ਾ ਬਰਾਬਰ ਸਜ਼ਾਵਾਂ ਕੱਟੀਆਂ ਹਨ, ਇਹ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਵੱਲੋਂ ਅਕਤੂਬਰ 2019 ਦੇ ਰਿਹਾਈ ਹੁਕਮਾਂ ਤੋਂ ਬਾਅਦ ਦਿੱਲੀ ਸਰਕਾਰ ਦੀ ਨਾਲਾਇਕੀ ਕਾਰਨ ਭਾਈ ਭੁੱਲਰ ਦੀ 17 ਮਹੀਨਿਆਂ ਦੀ ਗੈਰ-ਕਾਨੂੰਨੀ ਨਜ਼ਰਬੰਦੀ ਦਾ ਮਾਮਲਾ ਬਣਦਾ ਹੈ। ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਿਹਤ ਲਈ ਠੀਕ ਨਹੀਂ ਹੈ।
ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖੀਵਾ ਨੇ ਕੇਜਰੀਵਾਲ ਸਰਕਾਰ ਤੋਂ ਭਾਈ ਭੁੱਲਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਡਾ: ਪਰਮਿੰਦਰ ਪਾਲ ਸਿੰਘ, ਅਵਤਾਰ ਸਿੰਘ ਕਾਲਕਾ, ਦਲਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੇ ਸਜ਼ਾ ਸਮੀਖਿਆ ਬੋਰਡ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਸਾਡੀ ਮਜ਼ਬੂਰੀ ਹੈ, ਕਿਉਂਕਿ ਇਹ ਕੈਦੀਆਂ ਦੇ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਕਿਉਂਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਅੰਨਾ ਅੰਦੋਲਨ ਦੌਰਾਨ ਕੇਜਰੀਵਾਲ ਨੇ ਸਵਰਾਜ ਅਤੇ ਮੁਹੱਲਾ ਮੀਟਿੰਗਾਂ ਦੀ ਗੱਲ ਕਰਦਿਆਂ ਸਰਕਾਰੀ ਫੈਸਲਿਆਂ ਵਿੱਚ ਜਨਤਕ ਭਾਵਨਾਵਾਂ ਨੂੰ ਭਾਗੀਦਾਰ ਬਣਾਉਣ ਦੀ ਵਕਾਲਤ ਕੀਤੀ ਸੀ। ਪਰ ਭਾਈ ਭੁੱਲਰ ਦੀ ਰਿਹਾਈ ਦੇ ਮਾਮਲੇ ਵਿੱਚ ਸਿੱਖ ਭਾਵਨਾਵਾਂ ਨੂੰ ਸਿਖ਼ਰ ਤੋਂ ਹਾਸ਼ੀਏ ਤੱਕ ਪਹੁੰਚਾਉਣ ਦੇ ਬਾਵਜੂਦ ਹੁਣ ਕੇਜਰੀਵਾਲ ‘ਸਵਰਾਜ’ ਦੀ ਗੱਲ ਨਹੀਂ ਕਰ ਰਿਹਾ। ਇਸੇ ਲਈ ਅਸੀਂ ਕੇਜਰੀਵਾਲ ਦੀ ਲਿਖੀ ਕਿਤਾਬ ‘ਸਵਰਾਜ’ ਦੀ ਕਾਪੀ ਸਾੜੀ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਮਹਿੰਦਰ ਸਿੰਘ, ਰਿਹਾਈ ਮੋਰਚਾ ਦੇ ਅੰਤ੍ਰਿੰਗ ਬੋਰਡ ਮੈਂਬਰ ਇਕਬਾਲ ਸਿੰਘ, ਸੰਗਤ ਸਿੰਘ, ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਸਤਪਾਲ ਸਿੰਘ, ਜਾਗੋ ਪਾਰਟੀ ਦੇ ਆਗੂ ਰਣਬੀਰ ਸਿੰਘ ਭਾਟੀਆ, ਮੋਹਨ ਸਿੰਘ, ਬਲਬੀਰ ਸਿੰਘ, ਮਨਪ੍ਰੀਤ ਕੌਰ, ਜਤਿੰਦਰ ਸਿੰਘ ਬੌਬੀ, ਹਰਵਿੰਦਰ ਸਿੰਘ ਰਾਜਾ, ਹਰਜੀਤ ਕੌਰ, ਸੁਖਮਨ ਸਿੰਘ, ਬਖਸ਼ੀਸ਼ ਸਿੰਘ, ਜਤਿੰਦਰ ਸਿੰਘ ਸਿਆਲੀ, ਸੁਖਦੇਵ ਸਿੰਘ ਆਦਿਕ ਇਸ ਮੌਕੇ ਹਾਜ਼ਰ ਸਨ।


Share