ਭਗੌੜਾ ਮੇਹੁਲ ਚੌਕਸੀ ਦਿੰਦਾ ਸੀ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਫੰਡ

754
Share

ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਭਾਰਤ ਦੇ ਅਤਿ ਲੋੜੀਂਦੇ ਆਰਥਿਕ ਭਗੌੜੇ ਗੀਤਾਂਜਲੀ ਜੈਮਜ਼ ਦੇ ਮੇਹੁਲ ਚੋਕਸੀ ਵੱਲੋਂ ਰਾਜੀਵ ਗਾਂਧੀ ਫਾਊਂਡੇਸ਼ਨ (ਆਰ.ਜੀ.ਐੱਫ.) ਨੂੰ ਦਾਨ ਵਜੋਂ ਫੰਡ ਦਿੱਤੇ ਜਾਂਦੇ ਰਹੇ ਹਨ। ਇਹ ਤਾਜ਼ਾ ਖੁਲਾਸਾ ਕਾਂਗਰਸ ਟਰੱਸਟ ਨੂੰ ਦਿੱਤੇ ਗਏ ਦਾਨ ਸਬੰਧੀ ਵਿਵਾਦ ਦੇ ਸਬੰਧ ਵਿੱਚ ਹੋਇਆ ਹੈ। ਇਹ ਦਾਨ ਜਿਸ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਗਿਆ, ਆਰਜੀਐੱਫ ਦੀ 2013-15 ਦੀ ਸਾਲਾਨਾ ਰਿਪੋਰਟ ਦਾ ਹਿੱਸਾ ਹੈ। ਇਹ ਦਾਨ ਰਾਸ਼ੀ ਨਵੀਰਾਜ ਐਸਟੇਟਸ ਪ੍ਰਾਈਵੇਟ ਲਿਮਿਟਡ ਵੱਲੋਂ ਦਿੱਤੀ ਗਈ ਸੀ ਅਤੇ ਮੇਹੁਲ ਚੋਕਸੀ ਇਸ ਕੰਪਨੀ ਦੇ ਦੋ ਡਾਇਰੈਕਟਰਾਂ ਵਿੱਚੋਂ ਇਕ ਹੈ। ਹੀਰਾ ਕਾਰੋਬਾਰੀ ਮੇਹੁਲ ਚੋਕਸੀ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਬੈਂਕਾਂ ਵਿੱਚ ਹੋਈ ਧੋਖਾਧੜੀ ਦੇ ਦੋਸ਼ਾਂ ਵਿੱਚ ਭਗੌੜਾ ਹੈ।
ਹੁਣ ਖੁਲਾਸਾ ਹੋਇਆ ਹੈ ਕਿ 5,044 ਕਰੋੜ ਦਾ ਘੁਟਾਲਾ ਕਰਨ ਵਾਲਾ ਚੋਕਸੀ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਆਰਜੀਐੱਫ ਨੂੰ ਫੰਡ ਦਿੰਦਾ ਰਿਹਾ ਹੈ। ਆਰ.ਜੀ.ਐੱਫ. ਦੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2005-06 ਵਿੱਚ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਚੀਨ ਦੀ ਪੀਪਲਜ਼ ਰਿਪਬਲਿਕ ਸਰਕਾਰ ਅਤੇ ਸਫ਼ਾਰਤਖਾਨੇ ਤੋਂ ਵੀ ਦਾਨ ਰਾਸ਼ੀ ਲਈ ਸੀ।


Share