ਭਗਵੰਤ ਮਾਨ ਨੇ ਅਰੂਸਾ ਆਲਮ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਠਹਿਰਨ ‘ਤੇ ਉਠਾਏ ਸਵਾਲ

706
Share

ਚੰਡੀਗੜ੍ਹ, 26 ਫਰਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਵਿਦੇਸ਼ੀ ਮਿੱਤਰ ਦੇ ਠਹਿਰਨ ਦੇ ਸਵਾਲ ਖੜ੍ਹੇ ਕੀਤੇ ਹਨ। ਮਾਨ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਵੱਡਾ ਮਾਮਲਾ ਹੈ। ਇਸ ਦਾ ਜਵਾਬ ਨਹੀਂ ਆਇਆ, ਤਾਂ ਉਹ ਸੰਸਦ ‘ਚ ਵੀ ਮਾਮਲਾ ਉਠਾਉਣਗੇ ਤੇ ਪੁੱਛਣਗੇ ਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸੰਵੇਨਸ਼ੀਲਤਾ ਮਾਮਲੇ ‘ਤੇ ਜਵਾਬ ਦਿੱਤਾ ਜਾਵੇ। ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਸਬੰਧੀ ਡੀ.ਜੀ.ਪੀ. ਪੰਜਾਬ ਵਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ।
ਵਿਧਾਨ ਸਭਾ ਇਜਲਾਸ ਦੌਰਾਨ ਗਵਰਨਰ ਗੈਲਰੀ ‘ਚ ਬੈਠ ਕੇ ਸਦਨ ਦੀ ਕਾਰਵਾਈ ਦੇਖਣ ਪੁੱਜੇ ਭਗਵੰਤ ਮਾਨ ਨੇ ਬਾਹਰ ਆ ਕੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਤਵਾਦ ਸਬੰਧੀ ਦੋਸ਼ਾਂ ‘ਚ ਘਿਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਬਚਾ ਰਹੇ ਹਨ। ਅਜਿਹੇ ਹਾਲਤਾਂ ‘ਚ ਅਸੀਂ (ਆਮ ਆਦਮੀ ਪਾਰਟੀ) ਚੁੱਪ ਨਹੀਂ ਬੈਠੇਗੀ। ਮਾਨ ਨੇ ਕਿਹਾ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਚੁੱਪ ਸੀ, ਕਿ ਇਹ ਇਕ ਨਿੱਜੀ ਮਾਮਲਾ ਹੈ ਪਰ ਉਹ ਡੀ.ਜੀ.ਪੀ. ਜੋ ਅਰੂਸਾ ਆਲਮ ਦੇ ਪੈਰਾਂ ‘ਚ ਬੈਠਦਾ ਹੈ, ਉਹ ਜਗਤ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਨੂੰ ਅੱਤਵਾਦ ਪੈਦਾ ਕਰਨ ਵਾਲਾ ਡੇਰਾ ਦੱਸ ਰਹੇ ਹਨ, ਜਦਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਰਸ ਨੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਵਿਸ਼ਵ ਸ਼ਾਂਤੀ ਦਾ ਪੁੰਜ ਕਰਾਰ ਦਿੱਤਾ ਹੈ। ਅਸੀਂ ਅਜਿਹਾ ਨਹੀਂ ਸੁਣ ਸਕਦੇ ਅਤੇ ਚੁੱਪ ਨਹੀਂ ਰਹਿ ਸਕਦੇ।
ਭਗਵੰਤ ਮਾਨ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਰੂਸਾ ਆਲਮ ਕਿਸ ਹੈਸੀਅਤ ‘ਚ ਪਿਛਲੇ ਕਈ ਸਾਲਾਂ ਤੋਂ ਮੁੱਖ ਮੰਤਰੀ ਨਿਵਾਸ ‘ਤੇ ਰਹਿ ਰਹੇ ਹਨ। ਉਨ੍ਹਾਂ ਦੇ ਵੀਜ਼ੇ ਦਾ ਸਟੇਟਸ ਕੀ ਹੈ? ਮਾਨ ਨੇ ਕਿਹਾ ਕਿ ਉਹ ਇਹ ਮਾਮਲਾ ਸੰਸਦ ‘ਚ ਵੀ ਉਠਾ ਕੇ ਭਾਰਤ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਪੁੱਛਣਗੇ। ਮਾਨ ਨੇ ਕਿਹਾ ਕਿ ਜੇਕਰ ਕੈਪਟਨ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਭਾਰਤ ਭੂਸ਼ਨ ਆਸ਼ੂ ਵਿਰੁੱਧ ਮਾਮਲੇ ਨਾ ਖੋਲ੍ਹੇ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਆਸ਼ੂ ਦੇ ਅੱਤਵਾਦੀ ਕੁਨੈਕਸ਼ਨ ਵਾਲੇ ਸਾਰੇ ਕੇਸ ਮੁੜ ਖੋਲ੍ਹਾਂਗੇ।


Share