ਬੰਬੇ ਹਾਈ ਕੋਰਟ ਵੱਲੋਂ ਸ਼ਾਹਰੁਖ਼ ਖ਼ਾਨ ਦੇ ਪੁੱਤ ਆਰੀਅਨ ਖ਼ਾਨ ਨੂੰ ਜ਼ਮਾਨਤ

325
Share

ਮੁੰਬਈ, 28 ਅਕਤੂਬਰ (ਪੰਜਾਬ ਮੇਲ)- ਬੰਬੇ ਹਾਈ ਕੋਰਟ ਨੇ ਕਰੂਜ਼ ਵਿੱਚ ਨਸ਼ੀਲੇ ਪਦਾਰਥ ਮਾਮਲੇ ’ਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤ ਆਰੀਅਨ ਖ਼ਾਨ ਨੂੰ 20 ਦਿਨ ਬਾਅਦ ਜ਼ਮਾਨਤ ਦੇ ਦਿੱਤੀ। ਜਸਟਿਸ ਐੱਨ ਡਬਲਿਊ ਸਾਂਬਰੇ ਦੇ ਸਿੰਗਲ ਬੈਂਚ ਨੇ ਉਸ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸਾਂਬਰੇ ਨੇ ਕਿਹਾ, ‘ਤਿੰਨਾਂ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੈਂ ਕੱਲ ਸ਼ਾਮ ਤੱਕ ਵਿਸਥਾਰ ਨਾਲ ਆਦੇਸ਼ ਦੇਵਾਂਗਾ।’
ਪਰ ਉਸ ਨੂੁੰ ਵੀਰਵਾਰ ਦੀ ਰਾਤ ਆਰਥਰ ਰੋਡ ਜੇਲ੍ਹ ਵਿੱਚ ਹੀ ਕੱਟਣੀ ਪਏਗੀ ਜਿਥੇ ਉਹ ਨਿਆਂਇਕ ਹਿਰਾਸਤ ਤਹਿਤ ਬੰਦ ਹੈ। ਜ਼ਮਾਨਤ ਮਗਰੋਂ ਆਰੀਅਨ ਖਾਨ ਦੇ ਵਕੀਲਾਂ ਨੇ ਨਕਦ ਜ਼ਮਾਨਤ ਦੇਣ ਲਈ ਅਦਾਲਤ ਤੋਂ ਪ੍ਰਵਾਨਗੀ ਮੰਗੀ ਪਰ ਅਦਾਲਤ ਨੇ ਕਿਹਾ ਕਿ ਮੁਚਲਕਾ ਹੀ ਦੇਣਾ ਪਏਗਾ। ਆਰੀਅਨ ਦੇ ਵਕੀਲਾਂ ਦੀ ਟੀਮ ਹੁਣ ਸ਼ੁੱਕਰਵਾਰ ਜਾਂ ਸ਼ਨਿਚਰਵਾਰ ਨੂੰ ਆਰੀਅਨ ਦੀ ਰਿਹਾਈ ਲਈ ਜ਼ਰੂਰੀ ਕਾਰਵਾਈਆਂ ਨੂੰ ਨੇਪਰੇ ਚਾੜ੍ਹੇਗੀ। ਬੰਬੇ ਹਾਈ ਕੋਰਟ ਸ਼ੁੱਕਰਵਾਰ ਨੂੰ ਆਰੀਅਨ ਦੀ ਜ਼ਮਾਨਤ ਸਬੰਧੀ ਵਿਸਥਾਰਤ ਰਿਪੋਰਟ ਦੇਵੇਗਾ। ਆਦੇਸ਼ ਦੀ ਇਹ ਕਾਪੀ ਸੈਸ਼ਨਜ਼ ਕੋਰਟ ਵਿੱਚ ਜਾਏਗੀ। ਸ਼ੁੱਕਰਵਾਰ ਨੂੰ ਆਦੇਸ਼ ਆਇਆ ਤਾਂ ਉਸੇ ਦਿਨ ਆਰੀਅਨ ਦੀ ਰਿਹਾਈ ਸੰਭਵ ਹੋਵੇਗੀ ਨਹੀਂ ਤਾਂ ਉਸ ਨੂੰ ਸ਼ਨਿਚਰਵਾਰ ਤੱਕ ਉਡੀਕ ਕਰਨੀ ਪਏਗੀ।


Share