ਬੰਦੇ ਦੀ ਚਮੜੀ ਦੇਖ ਕੇ ਸਲੂਕ ਕਰਦੇ ਸਨ ਟਰੰਪ : ਜੋਅ ਬਿਡੇਨ

773

ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਡੈਮੋਕਰੇਟ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਟਰੰਪ ਨੂੰ ਨਸਲਭੇਦੀ ਕਰਾਰ ਦਿੱਤਾ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ  ਬੰਦੇ ਦੀ ਚਮੜੀ ਦੇਖ ਕੇ ਸਲੂਕ ਕਰਨ ਵਾਲਾ ਦੱਸਿਆ। ਬਿਡੇਨ ਨੇ ਇੱਕ ਵਰਚੁਅਲ ਟਾਊਨ ਹਾਲ ਪ੍ਰੋਗਰਾਮ ਵਿਚ ਕਿਹਾ, ਟਰੰਪ ਮਹਾਮਾਰੀ ਨੂੰ ਚਾਈਨਾ ਵਾਇਰਸ ਕਹਿੰਦੇ ਹਨ ਜਿਸ ਤਰ੍ਹਾਂ ਉਹ ਲੋਕਾਂ ਦੀ ਚਮੜੀ ਦਾ ਰੰਗ, ਉਨ੍ਹਾਂ ਦੇ ਰਹਿਣ ਦੀ ਜਗ੍ਹਾ ਅਤੇ  ਦੇਸ਼ ਦੇ ਆਧਾਰ ‘ਤੇ ਸਲੂਕ ਕਰਦੇ ਹਨ, ਉਸ ਨਾਲ ਫਿਕਰ ਹੁੰਦਾ ਹੈ।
ਬਿਡੇਨ ਨੇ ਅੱਗੇ ਕਿਹਾ ਕਿ ਦੇਸ਼ ਦੇ ਕਿਸੇ ਵੀ ਰਿਪਬਲਿਕਨ ਜਾਂ ਡੈਮੋਕਰੇਟਿਕ ਰਾਸ਼ਟਰਪਤੀ ਨੇ ਅਜਿਹਾ ਨਹੀਂ ਕੀਤਾ। ਸਾਡੇ ਇੱਥੇ ਰੰਗ ਭੇਦ ਸੀ, ਅਤੇ ਹੈ। ਟਰੰਪ ਦੇ ਕੰਮ ਕਰਨ ਦਾ ਤਰੀਕਾ ਲੋਕਾਂ ਨੂੰ ਜੋੜਨ ਵਾਲਾ ਨਹੀਂ ਬਲਕਿ ਵੰਡਣ ਵਾਲਾ ਹੈ। ਉਹ ਹਰ ਚੀਜ਼ ਦੇ ਲਈ ਚੀਨ ਨੂੰ ਦੋਸ਼ੀ ਮੰਨਦੇ ਹਨ। ਉਹ ਚੀਨ ਨੂੰ ਇੱਕ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰ ਰਹੇ ਹਨ।
ਟਰੰਪ ਕੈਂਪੇਨ ਦੀ ਸਲਾਹਕਾਰ ਕਟਰਿਨਾ ਪਿਅਰਸਨ ਨੇ ਬਿਡੇਨ ਦੀ Îਟਿੱਪਣੀ ਨੂੰ ਕਾਲੇ ਵੋਟਰਾਂ ਦਾ ਅਪਮਾਨ ਦੱਸਿਆ। ਉਨ੍ਹਾਂ ਕਿਹਾ ਕਿ ਟਰੰਪ ਸਾਰੇ ਲੋਕਾਂ ਨਾਲ ਪਿਆਰ ਕਰਦੇ ਹਨ। ਉਹ ਸਾਰੇ ਅਮਰੀਕੀਆਂ ਨੂੰ ਅਧਿਕਾਰ ਦਿਵਾਉਣ ਦੇ ਲਈ ਕੰਮ ਕਰ ਰਹੇ ਹਨ। ਬਿਡੇਨ ਨੇ ਇੱਕ ਵਾਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਬਾਰੇ ਵਿਚ ਵੀ ਰੰਗ ਭੇਦੀ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਓਬਾਮਾ ਪਹਿਲੇ ਅਜਿਹੇ ਅਫ਼ਰੀਕਨ-ਅਮਰੀਕਨ ਹਨ ਜੋ ਸਾਫ ਸੁਥਰੇ ਅਤੇ ਚੰਗੇ ਦਿਖਦੇ ਹਨ। ਬਾਅਦ ਵਿਚ ਉਨ੍ਹਾਂ ਮਾਫ਼ੀ ਵੀ ਮੰਗਣੀ ਪਈ ਸੀ। ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ।