ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਰਿਹਾਈ ਮੋਰਚੇ ਨੇ ਕੀਤੀ ਅਰਦਾਸ

325
Share

ਨਵੀਂ ਦਿੱਲੀ, 26 ਦਸੰਬਰ (ਪੰਜਾਬ ਮੇਲ)- ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕੀਤੀ ਗਈ। ਵੱਖ-ਵੱਖ ਜੱਥੇਬੰਦੀਆਂ ਵੱਲੋਂ ਸੰਸਾਰ ਭਰ ਵਿਚ ਇਸ ਮਸਲੇ ‘ਤੇ ਕੀਤੀਆਂ ਗਈਆਂ ਅਰਦਾਸਾਂ ਦੀ ਲੜੀ ਵਿੱਚ ਦਿੱਲੀ ਵਿਖੇ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ। ਮੋਰਚੇ ਦੇ ਅੰਤ੍ਰਿੰਗ ਕਮੇਟੀ ਮੈਂਬਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਅਰਦਾਸ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਅਧਿਕਾਰਤ ਮੁਲਾਕਾਤੀ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ 26 ਸਾਲ ਤਕ ਦੀਆਂ ਸਜ਼ਾਵਾਂ ਕਟ ਚੁੱਕੇ ਸਿਆਸੀ ਸਿੱਖ ਕੈਦੀਆਂ ਨੂੰ ਕੈਦੀਆਂ ਦੇ ਅਧਿਕਾਰਾਂ ਦਾ ਫਾਇਦਾ ਨਹੀਂ ਮਿਲ ਪਾ ਰਿਹਾ।
ਉਨ੍ਹਾਂ ਦਸਿਆ ਕਿ ਜ਼ਮਾਨਤਾਂ ਤਾਂ ਦੂਰ ਇਨ੍ਹਾਂ ਕੈਦੀਆਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾਂਦੀ। ਜੇਕਰ ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਸਿੱਖ ਕੈਦੀਆਂ ਦੀ ਰਿਹਾਈ ਦਾ ਆਦੇਸ਼ ਦਿੱਤਾ ਸੀ। ਤਾਂ ਉਸ ਆਦੇਸ਼ ਨੂੰ ਦਿੱਲੀ ਸਰਕਾਰ ਦਬਾ ਕੇ ਬੈਠੀ ਹੈ, ਜਿਸ ਕਰਕੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਕਰਨਾਟਕ ਸਰਕਾਰ ਭਾਈ ਗੁਰਦੀਪ ਸਿੰਘ ਖੈੜਾ ਦੀ ਰਿਹਾਈ ‘ਤੇ ਚੁੱਪ ਹੈ। ਜਦਕਿ ਕੇਂਦਰ ਸਰਕਾਰ ਆਪਣੇ ਆਦੇਸ਼ ਦੇ ਬਾਵਜੂਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੇ ਨੋਟੀਫਿਕੇਸ਼ਨ ਨੂੰ ਰੋਕ ਕੇ ਬੈਠ ਗਈ ਹੈ। ਨਾਲ ਹੀ ਦਿੱਲੀ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਦਿੱਲੀ ਵਿਚ ਕੋਈ ਮੁਕੱਦਮਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦੀ ਭਾਈ ਹਵਾਰਾ ਦੀ ਮਾਤਾ ਜੀ ਦੀ ਅਰਜ਼ੀ ਉੱਤੇ ਚੁੱਪ ਹੈ। ਇਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਸੀਂ ਅਰਦਾਸ ਕੀਤੀ ਹੈ ਕਿ ਸਰਕਾਰੀ ਤੇ ਕਾਨੂੰਨੀ ਅੜਿੱਕੇ ਦੂਰ ਹੋਣ ‘ਤੇ ਬੰਦੀ ਸਿੰਘਾਂ ਦੀ ਛੇਤੀ ਰਿਹਾਈ ਹੋਵੇ।

Share