ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇ ਲਾਈ ਜਿੱਤ ਦੀ ਹੈਟ੍ਰਿਕ

407
Share

ਮਮਤਾ ਬੈਨਰਜੀ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਅਸਾਮ ’ਚ ਭਾਜਪਾ ਦੀ ਸੱਤਾ ਦੀ ਮੁੜ ਵਾਪਸੀ
ਕੇਰਲ ’ਚ ਖੱਬੀ ਧਿਰ ਐੱਲ.ਡੀ.ਐੱਫ. ਰਹੀ ਮੁੜ ਜੇਤੂ
ਤਾਮਿਲਨਾਡੂ ’ਚ ਡੀ.ਐੱਮ.ਕੇ. ਦੀ ਅਗਵਾਈ ਹੇਠਲੇ ਗੱਠਜੋੜ ਦੀ ਸੱਤਾ ਧਿਰ ’ਚ ਵਾਪਸੀ
ਪੁੱਡੂਚੇਰੀ ’ਚ ਐੱਨ.ਡੀ.ਏ.ਦੀ ਚੜ੍ਹਤ
ਮਮਤਾ ਨੂੰ ਜੇਤੂ ਐਲਾਨੇ ਜਾਣ ਮਗਰੋਂ ਚੋਣ ਕਮਿਸ਼ਨ ਵੱਲੋਂ ਸ਼ੁਵੇਂਦੂ ਅਧਿਕਾਰੀ ਦੀ ਜਿੱਤ ਦਾ ਐਲਾਨ ਕੀਤੇ ਜਾਣ ’ਤੇ ਵਿਵਾਦ

ਕੋਲਕਾਤਾ, 5 ਮਈ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਦੀ ਚੁਣੌਤੀ ਤੋਂ ਪਾਰ ਪਾਉਂਦਿਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੇ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਮਮਤਾ ਬੈਨਰਜੀ ਨੇ ਤੀਜੀ ਵਾਰ ਸਹੁੰ ਚੁੱਕੀ। ਕੋਲਕਾਤਾ ਵਿਖੇ ਰਾਜਭਵਨ ’ਚ ਸਾਦੇ ਸਮਾਰੋਹ ’ਚ ਮਮਤਾ ਬੈਨਰਜੀ ਨੂੰ ਬੰਗਾਲ ਦੇ ਰਾਜਪਾਲ ਓ.ਪੀ. ਧਨਖੜ ਨੇ ਅਹੁਦੇ ਦੀ ਸਹੁੰ ਚੁਕਾਈ। ਕੋਰੋਨਾ ਕਾਲ ਅਤੇ ਉਸ ਦੇ ਦਿਸ਼ਾ-ਨਿਰਦੇਸ਼ ਦੀ ਵਜ੍ਹਾ ਤੋਂ ਸਹੁੰ ਚੁੱਕ ਸਮਾਰੋਹ ਛੋਟਾ ਹੀ ਰੱਖਿਆ ਗਿਆ। ਅਜੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ 2 ਮਈ ਨੂੰ ਪੱਛਮੀ ਬੰਗਾਲ ਸਮੇਤ 5 ਸੂਬਿਆਂ ਦੇ ਆਏ ਚੋਣ ਨਤੀਜਿਆਂ ’ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ ਬੰਪਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਟੀ.ਐੱਮ.ਸੀ. ਨੇ 292 ’ਚੋਂ 213 ਸੀਟਾਂ ’ਤੇ ਜਿੱਤ ਦਰਜ ਕੀਤੀ। ਹਾਲਾਂਕਿ ਮਮਤਾ ਬੈਨਰਜੀ ਸਭ ਤੋਂ ਹਾਈ-ਪ੍ਰੋਫਾਈਲ ਸੀਟ ਨੰਦੀਗ੍ਰਾਮ ਤੋਂ ਹਾਰ ਗਈ, ਉਨ੍ਹਾਂ ਨੂੰ 1956 ਵੋਟਾਂ ਦੇ ਫਰਕ ਨਾਲ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੇ ਹਰਾਇਆ।
ਹਾਲਾਂਕਿ, ਅਸਾਮ ’ਚ ਭਾਜਪਾ ਦਾ ‘ਕਮਲ’ ਮੁੜ ਖਿੜਿਆ ਹੈ ਤੇ ਕੇਰਲ ’ਚ ਵੀ ਪਹਿਲਾਂ ਤੋਂ ਸੱਤਾ ’ਤੇ ਕਾਬਜ਼ ਐੱਲ.ਡੀ.ਐੱਫ. ਨੇ ਸੱਤਾ ਖ਼ਿਲਾਫ਼ ਲਹਿਰ ਦੇ ਖ਼ਦਸ਼ੇ ਨੂੰ ਦਰਕਿਨਾਰ ਕਰ ਕੇ ਮੁੜ ਤੋਂ ਜਿੱਤ ਹਾਸਲ ਕੀਤੀ ਹੈ। ਹਾਲਾਂਕਿ, ਤਾਮਿਲਨਾਡੂ ਤੇ ਪੁੱਡੂਚੇਰੀ ’ਚ ਵੋਟਰਾਂ ਨੇ ਸੱਤਾ ਧਿਰ ਦੇ ਖ਼ਿਲਾਫ਼ ਫ਼ਤਵਾ ਦਿੱਤਾ ਹੈ, ਜਿਸ ਤਹਿਤ ਤਾਮਿਲਨਾਡੂ ’ਚ ਡੀ.ਐੱਮ.ਕੇ. ਨੇ ਏ.ਆਈ.ਏ.ਡੀ.ਐੱਮ.ਕੇ. ਨੂੰ ਹਰਾ ਸੱਤਾ ’ਤੇ ਕਾਬਜ਼ ਹੋਈ ਹੈ। ਉੱਧਰ, ਪੁੱਡੂਚੇਰੀ ’ਚ ਏ.ਆਈ.ਐੱਨ.ਆਰ.ਸੀ. ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ (ਐੱਨ.ਡੀ.ਏ.) ਸੱਤਾ ਵੱਲ ਵਧਿਆ ਹੈ।
ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ’ਚ 292 ’ਚੋਂ 213 ਸੀਟਾਂ ’ਤੇ ਜਿੱਤ ਹਾਸਲ ਕਰਕੇ ਤੀਜੀ ਵਾਰ ਸੱਤਾ ਹਾਸਲ ਕੀਤੀ ਹੈ। ਟੀ.ਐੱਮ.ਸੀ. ਨੇ 2016 ’ਚ 211 ਸੀਟਾਂ ਹਾਸਲ ਕੀਤੀਆਂ ਸਨ। ਦੋ ਸੀਟਾਂ ਜੰਗੀਪੁਰ ਅਤੇ ਸਮਸੇਰਗਨ ’ਚ ਦੋ ਉਮੀਦਵਾਰਾਂ ਦੀ ਕਰੋਨਾ ਕਾਰਨ ਮੌਤ ਹੋਣ ਕਰਕੇ ਦੋਵੇਂ ਸੀਟਾਂ ’ਤੇ ਬਾਅਦ ’ਚ ਚੋਣਾਂ ਹੋਣੀਆਂ ਹਨ।
ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਅੰਤਿਮ ਨਤੀਜਿਆਂ ਮੁਤਾਬਕ ਭਾਜਪਾ ਨੂੰ 77 ਅਤੇ ਆਈ.ਐੱਸ.ਐੱਫ. ਨੂੰ ਇਕ ਸੀਟ ਨਸੀਬ ਹੋਈ ਹੈ। ਕਾਂਗਰਸ ਅਤੇ ਖੱਬੇ-ਪੱਖੀਆਂ ਦਾ ਖਾਤਾ ਨਾ ਖੁੱਲ੍ਹਣ ਕਰਕੇ ਉਨ੍ਹਾਂ ਦਾ ਸੂਬੇ ਦੇ ਇਤਿਹਾਸ ’ਚ ਨਾਮ ਦਰਜ ਹੋ ਗਿਆ ਹੈ। ਭਾਜਪਾ ਦੇ ਦੋ ਸੰਸਦ ਮੈਂਬਰਾਂ ਜਗਨਨਾਥ ਸਰਕਾਰ ਅਤੇ ਨਿਸ਼ਿਤ ਪ੍ਰਮਾਣਿਕ ਨੂੰ ਜਿੱਤ ਮਿਲੀ ਹੈ ਪਰ ਉੱਘੇ ਆਗੂ ਬਾਬੁਲ ਸੁਪ੍ਰੀਓ, ਸਵਪਨ ਦਾਸਗੁਪਤਾ ਅਤੇ ਲੌਕਟ ਚੈਟਰਜੀ ਵਰਗੇ ਵੱਡੇ ਆਗੂ ਆਪਣੀਆਂ ਸੀਟਾਂ ਤੋਂ ਚੋਣ ਹਾਰ ਗਏ।
ਹਾਲਾਂਕਿ, ਮਮਤਾ ਨੂੰ ਆਪਣੀ ਖ਼ੁਦ ਦੀ ਨੰਦੀਗ੍ਰਾਮ ਸੀਟ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਜਿਸ ਨੇ ਰਾਜ ਦੀ ਸੱਤਾ ’ਤੇ ਹਾਸਲ ਹੋਣ ਲਈ ਪ੍ਰਚਾਰ ’ਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ, ਨੂੰ ਸਿਰਫ਼ 77 ਸੀਟਾਂ ਮਿਲੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਪੂਰਾ ਜ਼ੋਰ ਲਗਾਏ ਜਾਣ ਦੇ ਬਾਵਜੂਦ ਭਾਜਪਾ ਲਈ ਰਾਜ ਦੀ ਸੱਤਾ ਇਕ ਸੁਫ਼ਨਾ ਹੀ ਸਾਬਿਤ ਹੋਈ।
ਇਸ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘‘ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣਾ ਪਹਿਲ ਹੈ।’’ ਉਨ੍ਹਾਂ ਕਿਹਾ ਕਿ ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਹੀ ਕੋਲਕਾਤਾ ’ਚ ਜੇਤੂ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਹ ਬੰਗਾਲ ਤੇ ਲੋਕਤੰਤਰ ਦੀ ਜਿੱਤ ਹੈ।’’ ਵੋਟਾਂ ਦੀ ਵੰਡ ਦੇ ਮਾਮਲੇ ’ਚ ਰਾਜ ਵਿਚ ਤ੍ਰਿਣਮੂਲ ਕਾਂਗਰਸ ਨੂੰ 48.1 ਫ਼ੀਸਦੀ ਵੋਟਾਂ ਮਿਲੀਆਂ, ਜਦੋਂਕਿ ਭਾਜਪਾ ਹਿੱਸੇ 37.8 ਫ਼ੀਸਦੀ ਵੋਟਾਂ ਆਈਆਂ ਹਨ।
ਆਸਾਮ: ਅਸਾਮ ’ਚ ਭਾਜਪਾ ਖੁਸ਼ੀ ਦੇ ਰੌਂਅ ’ਚ ਦਿਖੀ। ਇੱਥੇ ਵਿਧਾਨ ਸਭਾ ਦੀਆਂ 126 ਸੀਟਾਂ ’ਚੋਂ 60 ਸੀਟਾਂ ਭਾਜਪਾ ਦੇ ਖਾਤੇ ’ਚ ਗਈਆਂ। ਇਸ ਦੀ ਭਾਈਵਾਲ ਏ.ਜੀ.ਪੀ. ਨੂੰ 9 ਸੀਟਾਂ ਹਾਸਲ ਹੋਈਆਂ ਅਤੇ ਯੂ.ਪੀ.ਪੀ.ਐੱਲ. ਨੂੰ 6 ਸੀਟਾਂ ਹਾਸਲ ਹੋਈਆਂ। ਕਾਂਗਰਸ ਨੂੰ 29 ਸੀਟਾਂ ’ਤੇ ਜਿੱਤ ਹਾਸਲ ਹੋਈ। ਅਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਹੈ।
ਕੇਰਲ: ਉਧਰ ਕੇਰਲ ਵਿਧਾਨ ਸਭਾ ਚੋਣਾਂ ’ਚ ਖੱਬੀ ਧਿਰ ਦੀ ਅਗਵਾਈ ਵਾਲੇ ਗੱਠਜੋੜ ਐੱਲ.ਡੀ.ਐੱਫ. ਨੇ 140 ਸੀਟਾਂ ’ਚੋਂ 97 ਸੀਟਾਂ ’ਤੇ ਜਿੱਤ ਦਰਜ ਕੀਤੀ। ਚਾਰ ਦਹਾਕਿਆਂ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਬਜ਼ ਧਿਰ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ’ਚ ਕਾਮਯਾਬ ਹੋਈ ਹੈ। ਸੀ.ਪੀ.ਐੱਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, ‘‘ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਤੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਪਿਛਲੀ ਐੱਲ.ਡੀ.ਐੱਫ. ਸਰਕਾਰ ਦੇ ਤਰੀਕੇ ’ਚ ਬੇਮਿਸਾਲ ਭਰੋਸਾ ਪ੍ਰਗਟਾਉਣ ਲਈ ਮੈਂ ਕੇਰਲ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਸ ਸਰਕਾਰ ਨੇ ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆਂ ਨੂੰ ਕੇਰਲ ਮਾਡਲ ਦਿੱਤਾ ਹੈ।’’ ਯੂ.ਡੀ.ਐੱਫ. ਨੇ 47 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਤੇ ਭਾਜਪਾ ਆਪਣਾ ਖਾਤਾ ਖੋਲ੍ਹਣ ’ਚ ਵੀ ਕਾਮਯਾਬ ਨਹੀਂ ਹੋਈ। ਹਾਰਨ ਵਾਲੀਆਂ ਅਹਿਮ ਸ਼ਖਸੀਅਤਾਂ ਵਿਚ ‘ਮੈਟਰੋਮੈਨ’ ਈ ਸ੍ਰੀਧਰਨ ਸ਼ਾਮਲ ਸੀ, ਜੋ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਤਾਮਿਲਨਾਡੂ : ਤਾਮਿਲਨਾਡੂ ਵਿਚ ਡੀ.ਐੱਮ.ਕੇ. ਨੇ 133 ਸੀਟਾਂ ’ਤੇ ਜਿੱਤ ਦਰਜ ਕੀਤੀ, ਜਦੋਂਕਿ ਇਸ ਦੀ ਭਾਈਵਾਲ ਕਾਂਗਰਸ ਪਾਰਟੀ ਨੂੰ 18 ਸੀਟਾਂ ’ਤੇ ਜਿੱਤ ਨਸੀਬ ਹੋਈ। ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ’ਚੋਂ ਕਾਬਜ਼ ਧਿਰ ਏ.ਆਈ.ਏ.ਡੀ.ਐੱਮ.ਕੇ. ਕੋਲ ਸਿਰਫ਼ 66 ਸੀਟਾਂ ਹੀ ਨਸੀਬ ਹੋਈਆਂ। ਕਾਂਗਰਸ ਡੀ.ਐੱਮ.ਕੇ. ਦੀ ਅਗਵਾਈ ਵਾਲੇ ਗੱਠਜੋੜ ਦਾ ਹਿੱਸਾ ਹੈ ਅਤੇ ਡੀ.ਐੱਮ.ਕੇ. ਵੱਲੋਂ ਤਾਮਿਲਨਾਡੂ ’ਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰ ਦਿੱਤਾ ਗਿਆ ਹੈ।
ਪੁੱਡੂਚੇਰੀ: ਪੁੱਡੂਚੇਰੀ ਚੋਣਾਂ ’ਚ ਏ.ਆਈ.ਐੱਨ.ਆਰ.ਸੀ. ਨੂੰ 10, ਭਾਜਪਾ ਨੂੰ 6, ਕਾਂਗਰਸ ਨੂੰ 2 ਅਤੇ ਡੀ.ਐੱਮ.ਕੇ. ਨੂੰ 6 ਸੀਟਾਂ ਮਿਲੀਆਂ ਹਨ, ਜਦਕਿ 6 ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਐੱਨ.ਡੀ.ਏ. ਦੀ ਅਗਵਾਈ ਕਰ ਰਹੇ ਏ.ਆਈ.ਐੱਨ.ਆਰ.ਸੀ. ਆਗੂ ਐੱਨ ਰੰਗਾਸਾਮੀ ਨੇ ਪੁੱਡੂਚੇਰੀ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 30 ਸੀਟਾਂ ’ਚੋਂ ਗੱਠਜੋੜ ਨੇ 16 ਸੀਟਾਂ ਜਿੱਤੀਆਂ ਹਨ। ਰੰਗਾਸਾਮੀ ਨੇ ਉਪ ਰਾਜਪਾਲ ਟੀ ਸੌਂਦਰਰਾਜਨ ਨਾਲ ਰਾਜ ਨਿਵਾਸ ’ਚ ਮੁਲਾਕਾਤ ਕਰਕੇ ਇਸ ਬਾਰੇ ਚਿੱਠੀ ਸੌਂਪੀ।
ਉਪ ਰਾਜਪਾਲ ਨੇ ਰੰਗਾਸਾਮੀ ਨੂੰ ਹਲਫ਼ ਲੈਣ ਦੇ ਸਮੇਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਰੰਗਾਸਾਮੀ ਨੂੰ ਏ.ਆਈ.ਐੱਨ.ਆਰ.ਸੀ. ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਪਾਰਟੀ ਸੂਤਰਾਂ ਮੁਤਾਬਕ ਹਲਫ਼ਦਾਰੀ ਸਮਾਗਮ 7 ਜਾਂ 9 ਮਈ ਨੂੰ ਹੋ ਸਕਦਾ ਹੈ।
‘ਮਮਤਾ ਜਿੱਤ ਗਈ ਹੈ, ਮਮਤਾ ਹਾਰ ਗਈ ਹੈ’ ਦਾ ਸਾਰਾ ਦਿਨ ਪੈਂਦਾ ਰਿਹਾ ਰੌਲਾ
ਵੋਟਾਂ ਦੀ ਗਿਣਤੀ ਕੋਵਿਡ ਸਬੰਧੀ ਸਖ਼ਤ ਨੇਮਾਂ ਤਹਿਤ ਕੀਤੀ ਗਈ, ਜਿਸ ਕਾਰਨ ਸਾਰਾ ਦਿਨ ਇਹੀ ਖੇਡ ਚੱਲਦੀ ਰਹੀ ਕਿ ‘ਮਮਤਾ ਜਿੱਤ ਗਈ ਹੈ, ਮਮਤਾ ਹਾਰ ਗਈ ਹੈ।’’ ਕੁਝ ਟੀ.ਵੀ. ਚੈਨਲਾਂ ਨੇ ਤਾਂ ਮਮਤਾ ਨੂੰ ਜੇਤੂ ਵੀ ਕਰਾਰ ਦੇ ਦਿੱਤਾ ਪਰ ਦੇਰ ਸ਼ਾਮ 8 ਵਜੇ ਤੋਂ ਬਾਅਦ ਚੋਣ ਕਮਿਸ਼ਨ ਨੇ ਰਸਮੀ ਤੌਰ ’ਤੇ ਐਲਾਨੇ ਗਏ ਨੰਦੀਗ੍ਰਾਮ ਸੀਟ ਦੇ ਨਤੀਜੇ ’ਚ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਨੂੰ ਜੇਤੂ ਕਰਾਰ ਦੇ ਦਿੱਤਾ।
ਨੰਦੀਗ੍ਰਾਮ ਦੇ ਨਤੀਜੇ ਵਿਰੁੱਧ ਅਦਾਲਤ ਜਾਣ ਦਾ ਐਲਾਨ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ’ਚ ਕੋਈ ਸ਼ਰਾਰਤ ਹੋਈ ਹੈ ਤੇ ਉਹ ਚੋਣ ਨਤੀਜੇ ਵਿਰੁੱਧ ਅਦਾਲਤ ਜਾਵੇਗੀ। ਮਮਤਾ ਨੇ ਕਿਹਾ ‘ਅਸੀਂ ਬੰਗਾਲ ਵਿਚ ਵੱਡੀ ਜਿੱਤ ਦਰਜ ਕੀਤੀ ਹੈ ਪਰ ਮੈਂ ਨੰਦੀਗ੍ਰਾਮ ਦੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਦੀ ਹਾਂ। ਪਰ ਮੈਨੂੰ ਲੱਗਦਾ ਹੈ ਕਿ ਕੋਈ ਸ਼ਰਾਰਤ ਹੋਈ ਹੈ ਕਿਉਂਕਿ ਜਿੱਤ ਦੀ ਖ਼ਬਰ ਆਉਣ ਤੋਂ ਬਾਅਦ ਨਤੀਜਾ ਬਦਲਿਆ ਗਿਆ ਹੈ।’ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਮਮਤਾ ਨੂੰ 1956 ਵੋਟਾਂ ਨਾਲ ਹਾਰਿਆ ਦਰਸਾਇਆ ਗਿਆ ਹੈ।
ਨੰਦੀਗ੍ਰਾਮ ਦੇ ਨਤੀਜੇ ਵਿਰੁੱਧ ਅਦਾਲਤ ਜਾਣ ਦਾ ਐਲਾਨ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ’ਚ ਕੋਈ ਸ਼ਰਾਰਤ ਹੋਈ ਹੈ ਤੇ ਉਹ ਚੋਣ ਨਤੀਜੇ ਵਿਰੁੱਧ ਅਦਾਲਤ ਜਾਵੇਗੀ। ਮਮਤਾ ਨੇ ਕਿਹਾ ‘ਅਸੀਂ ਬੰਗਾਲ ਵਿਚ ਵੱਡੀ ਜਿੱਤ ਦਰਜ ਕੀਤੀ ਹੈ ਪਰ ਮੈਂ ਨੰਦੀਗ੍ਰਾਮ ਦੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਦੀ ਹਾਂ। ਪਰ ਮੈਨੂੰ ਲੱਗਦਾ ਹੈ ਕਿ ਕੋਈ ਸ਼ਰਾਰਤ ਹੋਈ ਹੈ ਕਿਉਂਕਿ ਜਿੱਤ ਦੀ ਖ਼ਬਰ ਆਉਣ ਤੋਂ ਬਾਅਦ ਨਤੀਜਾ ਬਦਲਿਆ ਗਿਆ ਹੈ।’ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਮਮਤਾ ਨੂੰ 1956 ਵੋਟਾਂ ਨਾਲ ਹਾਰਿਆ ਦਰਸਾਇਆ ਗਿਆ ਹੈ।


Share