ਬੰਗਲਾਦੇਸ਼ੀ ਨੌਜਵਾਨ ਦੀ ਵੀਡੀਓ ਬਣਾ ਕੇ ਮਜ਼ਾਕ ਉਡਾਣ ਦੇ ਦੋਸ਼ ਵਿਚ ਗ੍ਰਿਫਤਾਰ 

171
Share

ਢਾਕਾ, 3 ਅਪ੍ਰੈਲ (ਪੰਜਾਬ ਮੇਲ)- ਬੰਗਲਾਦੇਸ਼ ਵਿਚ ਇਕ ਨੌਜਵਾਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਹਮਰੁਤਬਾ ਸ਼ੇਖ ਹਸੀਨਾ ਦਾ ਅਪਮਾਨਜਨਕ ਵੀਡੀਓ ਬਣਾਉਣਾ ਮਹਿੰਗਾ ਪੈ ਗਿਆ। 19 ਸਾਲਾਂ ਰਬੀਬੁਲ ਇਸਲਾਮ ਨੂੰ ਦੋਹਾਂ ਨੇਤਾਵਾਂ ਦੀ ਵੀਡੀਓ ਬਣਾ ਕੇ ਮਜ਼ਾਕ ਉਡਾਣ ਦੇ ਦੋਸ਼ ਵਿਚ ਏਜੰਸੀਆ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਬੀਬੁਲ ‘ਤੇ ਬੰਗਲਾਦੇਸ਼ ਦੀ ਸਰਕਾਰ ਸਮਰਥਕ ਨੇਤਾ ਨੇ ਡਿਜੀਟਲ ਸੁਰੱਖਿਆ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਾਇਆ ਸੀ। ਪੁਲਸ ਮੁਤਾਬਕ ਉਸ ਨੇ ਬੰਗਲਾਦੇਸ਼ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹੋਏ ਇਕ ਅਪਮਾਨਜਨਕ ਵੀਡੀਓ ਬਣਾਈ ਸੀ ਅਤੇ ਉਸ ਨੂੰ ਫੇਸਬੁੱਕ ‘ਤੇ ਪੋਸਟ ਕਰ ਦਿੱਤਾ। ਕਾਨੂੰਨ ਅਧੀਨ ਇਸਲਾਮ ਨੂੰ 14 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। ਉਸ ‘ਤੇ ਸਰਕਾਰ ਦੀ ਮੁਖੀ ਦੇ ਅਕਸ ਨੂੰ ਬਦਨਾਮ ਕਰਨ ਅਤੇ ਖਰਾਬ ਕਰਨ ਦਾ ਦੋਸ਼ ਲਾਇਆ ਜਾ ਸਕਦਾ ਹੈ। ਇਸਲਾਮ ਦੀ ਗ੍ਰਿਫਤਾਰੀ ਅਜਿਹੇ ਵੇਲੇ ਵਿਚ ਹੋਈ ਹੈ ਜਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਲਾਦੇਸ਼ ਦੌਰੇ ਨੂੰ ਲੈ ਕੇ ਦੇਸ਼ ਵਿਚ ਕੱਟੜਪੰਥੀ ਗਰੁੱਪ ਹਿੰਸਕ ਭਰੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਢਾਕਾ ਪਹੁੰਚੇ ਸਨ। ਇਸਲਾਮਕ ਕੱਟੜਪੰਥੀ ਗਰੁੱਪਾਂ ਨੇ ਨਰਿੰਦਰ ਮੋਦੀ ‘ਤੇ ਮੁਸਲਮਾਨਾਂ ਨਾਲ ਵਿੱਤਕਰਾ ਕਰਨ ਦਾ ਦੋਸ਼ ਲਾਉਂਦੇ ਹੋਏ ਦੌਰੇ ਦੇ ਵਿਰੋਧ ਕੀਤਾ ਅਤੇ ਸੜਕਾਂ ‘ਤੇ ਉਤਰ ਆਏ ਜਿਸ ਨਾਲ ਹਿੰਸਾ ਭੜਕ ਉਠੀ। ਪ੍ਰਦਰਸ਼ਨ ਦੌਰਾਨ ਝੜਪਾਂ ਵਿਚ ਇਕ ਦਰਜਨ ਤੋਂ ਵਧ ਲੋਕ ਮਾਰੇ ਗਏ ਹਨ। ਕੱਟੜਪੰਥੀ ਗਰੁੱਪਾਂ ਨੇ ਹਿੰਦੂ ਮੰਦਰਾਂ ‘ਤੇ ਵੀ ਹਮਲਾ ਕੀਤਾ।

ਇਸਲਾਮ ਨੂੰ ਡਿਜੀਟਲ ਸਕਿਊਰਿਟੀ ਐਕਟ-2019 ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਬੰਗਲਾਦੇਸ਼ ਦੀ ਸਰਕਾਰ ਵਿਵਾਦਤ ਸੂਚਨਾ ਅਤੇ ਸੰਚਾਰ ਤਕਨੀਕੀ (ਆਈ. ਸੀ. ਟੀ.) ਐਕਟ-2006 ਦੇ ਬਦਲੇ ਵਿਚ ਲੈ ਕੇ ਆਈ ਸੀ। ਆਈ. ਸੀ. ਟੀ. ਐਕਟ ਅਧੀਨ ਅਧਿਕਾਰੀਆਂ ਨੂੰ ਇਹ ਅਧਿਕਾਰ ਸੀ ਕਿ ਉਹ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਵਾਰੰਟ ਦੇ 14 ਸਾਲ ਤੱਕ ਹਿਰਾਸਤ ਵਿਚ ਰੱਖ ਸਕਦੇ ਹਨ।


Share