ਬ੍ਰੈਗਜ਼ਿਟ ਸਮਝੌਤੇ ਤੋਂ ਬਾਅਦ 90 ਹਜ਼ਾਰ ਤੋਂ ਵੱਧ ਈ.ਯੂ. ਕਰਮਚਾਰੀਆਂ ਨੇ ਹੋਟਲ ਸਨਅਤ ਦੀਆਂ ਨੌਕਰੀਆਂ ਛੱਡੀਆਂ

4058
Share

ਲੰਡਨ, 5 ਅਗਸਤ (ਪੰਜਾਬ ਮੇਲ)-ਬਿ੍ਰਟੇਨ ਦੇ ਯੂਰਪੀਅਨ ਯੂਨੀਅਨ ਨਾਲ ਬ੍ਰੈਗਜ਼ਿਟ ਸਮਝੌਤੇ ਤੋਂ ਬਾਅਦ ਵਪਾਰ, ਕਾਰੋਬਾਰਾਂ ਆਦਿ ਦੇ ਨਾਲ ਹਜ਼ਾਰਾਂ ਯੂਰਪੀਅਨ ਯੂਨੀਅਨ ਦੇ ਕਰਮਚਾਰੀ ਵੀ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਜਾਰੀ ਇਕ ਰਿਪੋਰਟ ਅਨੁਸਾਰ 90,000 ਤੋਂ ਵੱਧ ਯੂਰਪੀਅਨ ਯੂਨੀਅਨ ਦੇ ਕਰਮਚਾਰੀਆਂ ਨੇ ਪਿਛਲੇ ਸਾਲ ਯੂ.ਕੇ. ਦੇ ਪ੍ਰਾਹੁਣਚਾਰੀ ਖੇਤਰ ਵਿਚਲੀਆਂ ਨੌਕਰੀਆਂ ਨੂੰ ਛੱਡ ਦਿੱਤਾ ਹੈ।
ਰਿਪੋਰਟ ਅਨੁਸਾਰ ਬ੍ਰੈਗਜ਼ਿਟ ਅਤੇ ਕੋਰੋਨਾ ਮਹਾਮਾਰੀ ਕਾਰਨ, ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਪ੍ਰਾਹੁਣਚਾਰੀ (ਹਾਸਪੀਟੈਲਿਟੀ) ਖੇਤਰ ਨਾਲ ਸਬੰਧਿਤ ਕਰਮਚਾਰੀਆਂ ਨੇ ਜਾਂ ਤਾਂ ਦੇਸ਼ ਛੱਡਣ ਦੀ ਚੋਣ ਕੀਤੀ ਹੈ ਜਾਂ ਉਹ ਨਵੀਂਆਂ ਵੀਜ਼ਾ ਸ਼ਰਤਾਂ ਕਾਰਨ ਯੂ. ਕੇ. ਤੋਂ ਜਾਣ ਲਈ ਮਜਬੂਰ ਹੋਏ ਹਨ। ਕਈ ਹੋਰਨਾਂ ਨੇ ਕੋਰੋਨਾ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਕਰਕੇ ਰੈਸਟੋਰੈਂਟ, ਬਾਰਾਂ ਅਤੇ ਹੋਰ ਪ੍ਰਾਹੁਣਚਾਰੀ ਸਥਾਨ ਬੰਦ ਰਹਿਣ ਕਰਕੇ, ਕੋਈ ਹੋਰ ਨੌਕਰੀ ਲੱਭ ਲਈ ਸੀ।
ਕੈਟਰਰ ਡਾਟਕਾਮ ਦੀ ਰਿਪੋਰਟ ਅਨੁਸਾਰ ਹੁਣ ਵਧੇਰੇ ਬਿ੍ਰਟੇਨ ਨਿਵਾਸੀ ਪ੍ਰਾਹੁਣਚਾਰੀ ਦੇ ਖੇਤਰ ਵਿਚ ਦਾਖਲ ਹੋ ਰਹੇ ਹਨ। ਇਸ ਖੇਤਰ ਦੇ ਪੰਜ ਵਿਚੋਂ ਤਿੰਨ ਮਾਲਕ ਯੂ. ਕੇ. ਦੇ ਕਰਮਚਾਰੀਆਂ ਤੋਂ ਪਹਿਲਾਂ ਨਾਲੋਂ ਵਧੇਰੇ ਅਰਜ਼ੀਆਂ ਪ੍ਰਾਪਤ ਕਰ ਰਹੇ ਹਨ। ਕੋਵਿਡ ਪਾਬੰਦੀਆਂ ਹਟਾਏ ਜਾਣ ਦੇ ਬਾਅਦ ੍ਪ੍ਰਾਹੁਣਚਾਰੀ ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਮਿਲਣ ਤੋਂ ਬਾਅਦ ਖਾਲੀ ਅਸਾਮੀਆਂ ਵਿਚ 342 ਫੀਸਦੀ ਦਾ ਵਾਧਾ ਹੋਇਆ ਹੈ ਪਰ ਯੂਰਪੀਅਨ ਯੂਨੀਅਨ ਦੇ ਕਰਮਚਾਰੀਆਂ ਕਰਕੇ ਇਹ ਖੇਤਰ ਪ੍ਰਭਾਵਿਤ ਹੋਵੇਗਾ। ਰਿਪੋਰਟ ਦੇ ਅਨੁਸਾਰ ਮਹਾਮਾਰੀ ਤੋਂ ਪਹਿਲਾਂ ਲੰਡਨ ਦੇ 75 ਫੀਸਦੀ ਪ੍ਰਾਹੁਣਚਾਰੀ ਕਰਮਚਾਰੀ ਈ.ਯੂ. ਤੋਂ ਸਨ।

Share