ਬ੍ਰਿਟੇਨ ਦੀ ਅਦਾਲਤ ਵੱਲੋਂ ਵਿਜੇ ਮਾਲਿਆ ਦੀ ਸੁਪਰੀਮ ਕੋਰਟ ਜਾਣ ਦੀ ਪਟੀਸ਼ਨ ਖਾਰਿਜ

715
Share

ਲੰਡਨ, 14 ਮਈ (ਪੰਜਾਬ ਮੇਲ)- ਬੈਂਕਾਂ ਦੇ ਨਾਲ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਮਾਮਲੇ ਵਿਚ ਲੋੜੀਂਦੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੀਰਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਬ੍ਰਿਟੇਨ ਦੀ ਹਾਈ ਕੋਰਟ ਨੇ ਉਸ ਦੀ ਭਾਰਤ ਹਵਾਲੇ ਕਰਨ ਖਿਲਾਫ ਸੁਪਰੀਮ ਕੋਰਟ ਜਾਣ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਮਾਲਿਆ ਨੂੰ 28 ਦਿਨਾਂ ਦੇ ਅੰਦਰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅੱਜ ਹੀ ਮਾਲਿਆ ਨੇ ਇਕ ਵਾਰ ਫਿਰ ਸਰਕਾਰ ਨੂੰ ਕਰਜ਼ਾ ਵਾਪਸ ਕਰਨ ਤੇ ਮੁਕੱਦਮਾ ਬੰਦ ਕਰਨ ਦੀ ਬੇਨਤੀ ਕੀਤੀ ਹੈ।
ਵਿਜੇ ਮਾਲਿਆ ਨੇ ਕੋਰੋਨਾ ਵਾਇਰਸ ਚੁਣੌਤੀ ਤੋਂ ਦੇਸ਼ ਦੀ ਅਰਥਵਿਵਸਥਾ ਨੂੰ ਉਭਾਰਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 20 ਲੱਖ ਕਰੋੜ ਦੇ ਪੈਕੇਜ ‘ਤੇ ਵਧਾਈ ਦਿੰਦੇ ਹੋਏ ਟਵੀਟ ਕਰਕੇ ਇਕ ਵਾਰ ਫਿਰ ਸਰਕਾਰ ਨੂੰ ਸਾਰਾ ਕਰਜ਼ਾ ਭੁਗਤਾਨ ਕਰਨ ਦੀ ਪੇਸ਼ਕਸ਼ ਤੇ ਉਸ ਦੇ ਖਿਲਾਫ ਸਾਰੇ ਮਾਮਲੇ ਖਤਮ ਕਰਨ ਦੀ ਬਿਨਤੀ ਕੀਤੀ ਹੈ।
ਵਿਜੇ ਮਾਲਿਆ ਨੇ ਟਵੀਟ ਵਿਚ ਕਿਹਾ ਹੈ ਕਿ ਕੋਵਿਡ-19 ਰਾਹਤ ਪੈਕੇਜ ਦੇ ਲਈ ਸਰਕਾਰ ਨੂੰ ਵਧਾਈ, ਸਰਕਾਰ ਜਿੰਨਾਂ ਚਾਹੇ ਉਨੇਂ ਨਵੇਂ ਨੋਟ ਛਾਪ ਸਕਦੀ ਹੈ ਪਰ ਮੇਰੇ ਜਿਹੇ ਛੋਟੇ ਯੋਗਦਾਨ ਕਰਨ ਵਾਲਿਆਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਜੋ ਸਰਕਾਰੀ ਬੈਂਕਾਂ ਦਾ ਸਾਰਾ ਕਰਜ਼ਾ ਵਾਪਸ ਕਰਨ ਲਈ ਤਿਆਰ ਹਨ। ਕਿਰਪਾ ਕਰਕੇ ਬਿਨਾਂ ਸ਼ਰਤ ਮੇਰੇ ਤੋਂ ਪੈਸੇ ਲੈ ਲਓ ਤੇ ਮੇਰੇ ਖਿਲਾਫ ਸਾਰੇ ਮਾਮਲੇ ਬੰਦ ਕਰ ਦਿਓ। ਭਗੌੜੇ ਸ਼ਰਾਬ ਕਾਰੋਬਾਰੀ ਮਾਲਿਆ ਦੀ ਐਵੀਏਸ਼ਨ ਕੰਪਨੀ ਕਿੰਗਫਿਸ਼ਰ ਏਅਰਲਾਈਨਸ ਵੀ ਬੰਦ ਹੋ ਚੁੱਕੀ ਹੈ।
ਮਾਲਿਆ ਭਾਰਤ ਹਵਾਲਗੀ ਦੇ ਖਿਲਾਫ ਲੰਡਨ ਹਾਈ ਕੋਰਟ ਵਿਚ ਮੁਕੱਦਮਾ ਹਾਰ ਗਿਆ ਹੈ ਤੇ ਹੁਣ ਇਸ ਹੁਕਮ ਦੇ ਖਿਲਾਫ ਬ੍ਰਿਟੇਨ ਦੇ ਸੁਪਰੀਮ ਕੋਰਟ ਜਾਣ ਦੀ ਅਪੀਲ ਹੋਈ ਸੀ। ਵਿਜੇ ਮਾਲਿਆ ਨੇ 31 ਮਾਰਚ ਨੂੰ ਇਕ ਟਵੀਟ ਰਾਹੀਂ ਕੋਰੋਨਾ ਸੰਕਟ ਦੀ ਚੁਣੌਤੀ ਦੇ ਸਮੇਂ ਵਿਚ ਕਿੰਗਫਿਸ਼ਰ ਏਅਰਲਾਈਨਸ ਦੇ ਬੈਂਕਾਂ ਤੋਂ ਲਏ ਕਰਜ਼ੇ ਨੂੰ ਪੂਰੀ ਵਾਪਸ ਕਰਨ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਆਪਣੀ ਬੇਨਤੀ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ।


Share